ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਰਹਿੰਦੇ ਭਾਰਤੀ ਮੂਲ ਦੇ ਜੋੜੇ ਨੇਹਾ ਸ਼ਰਮਾ ਤੇ ਅਮਨਦੀਪ ਸ਼ਰਮਾ ਨੇ ਮਨਿਸਟਰੀ ਫਾਰ ਚਿਲਡਰਨ (ਓਰੇਂਗਾ ਟਾਮਾਰਕੀ) ਨੂੰ $2 ਮਿਲੀਅਨ ਦੀ ਧੋਖਾਧੜੀ ਮਾਮਲੇ ਵਿੱਚ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਨੇਹਾ ਸ਼ਰਮਾ 'ਤੇ ਮਹਿਕਮੇ ਵਿੱਚ ਪ੍ਰਾਪਰਟੀ ਮੈਨੇਜਰ ਦੀ ਨੌਕਰੀ ਹਾਸਿਲ ਕਰਨ ਲਈ ਕਥਿਤ ਤੌਰ 'ਤੇ ਰੈਂਫਰੇਂਸਜ਼ ਨਾਲ ਛੇੜ-ਛਾੜ ਕਰਨ ਅਤੇ ਆਪਣੇ ਪਤੀ ਦੀ ਕੰਪਨੀ ਨੂੰ ਬਿਲਡਿੰਗ ਕਾਂਟਰੇਕਟ ਦੇਣ ਦੇ ਦੋਸ਼ ਹਨ।
ਦੋਸ਼ਾਂ ਤਹਿਤ ਇੱਕ ਸਾਲ ਦੇ ਸਮੇਂ ਤੋਂ ਵਧੇਰੇ ਦੌਰਾਨ 326 ਇਨਵਾਇਸਾਂ ਰਾਂਹੀ ਕਥਿਤ ਧੋਖਾਧੜੀ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਇਸ ਸਭ ਵਿੱਚ $800,000 ਦੀ ਹਵਾਲੇ ਨਾਲ ਸਬੰਧਤ ਰਕਮ ਵੀ ਸ਼ਾਮਿਲ ਹੈ।
ਓਰੇਂਗਾ ਟਮਾਕੀ ਨੂੰ ਜਦੋਂ ਇਸ ਸਭ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਤੁਰੰਤ ਸੀਰੀਅਸ ਫਰਾਡ ਆਫਿਸ ਨੂੰ ਇਸ ਬਾਰੇ ਸੂਚਿਤ ਕੀਤਾ, ਜਿਨ੍ਹਾਂ ਨੇ ਤੁਰੰਤ ਕਾਰਵਾਈ ਆਰੰਭੀ।
ਅੱਜ ਦੋਨਾਂ ਦੀ ਪੇਸ਼ੀ ਕ੍ਰਾਈਸਚਰਚ ਜਿਲ੍ਹਾ ਅਦਾਲਤ ਵਿੱਚ ਹੋਈ ਹੈ।
ਦੋਨਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਤੇ 'ਟਰਾਇਲ ਬਾਏ ਜਿਊਰੀ' ਦਾ ਰਾਹ ਚੁਣਿਆ ਹੈ।
ਨੇਹਾ ਸ਼ਰਮਾ ਨੇ ਅਜੇ ਬੀਤੇ ਹਫਤੇ ਹੀ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ।
ਇਸ ਸਭ ਧੋਖਾਧੜੀ ਨੂੰ ਅੰਜਾਮ ਦੇਣ ਲਈ ਪਤੀ ਅਮਨਦੀਪ ਦੇ ਨਾਮ 'ਡਿਵਾਈਨ ਕੁਨੈਕਸ਼ਨ ਲਿਮਟਿਡ' ਨਾਮ ਦੀ ਕੰਪਨੀ ਬਣਾਈ ਗਈ, ਜਿਸਨੂੰ 103 ਅਦਾਇਗੀਆਂ ਰਾਂਹੀ ਕੁੱਲ $2,144,615 ਦੀ ਅਦਾਇਗੀ ਕੀਤੀ ਗਈ।
ਦੋਨਾਂ ਦੇ ਪਾਸਪੋਰਟ ਜਬਤ ਕਰ ਲਏ ਗਏ ਹਨ ਤੇ ਦੋਨਾਂ ਨੂੰ ਹੀ ਨਿਊਜੀਲੈਂਡ ਨਾ ਛੱਡਣ ਦੇ ਆਦੇਸ਼ ਹਨ।
ਨੇਹਾ ਸ਼ਰਮਾ ਯੂਨੀਵਰਸਿਟੀ ਆਫ ਕੈਂਟਰਬਰੀ ਦੀ ਪੀਐਚਡੀ ਸਟੂਡੈਂਟ ਵੀ ਹੈ।
ਦੋਨਾਂ 'ਤੇ $795,000 ਦੀ ਰਕਮ ਦਾ ਹਵਾਲਾ ਕਰਨ ਦੇ ਦੋਸ਼ ਵੀ ਹਨ। ਇਹ ਰਕਮ ਇਨ੍ਹਾਂ ਨੇ ਆਪਣੇ ਭਾਰਤ ਸਥਿਤ ਖਾਤਿਆਂ ਵਿੱਚ ਭੇਜੀ ਤੇ ਹੁਣ ਅਥਾਰਟੀਆਂ ਭਾਰਤੀ ਐਜੰਸੀਆਂ ਨਾਲ ਰਾਬਤਾ ਕਾਇਮ ਕਰਕੇ ਇਹ ਰਕਮ ਇੰਡੀਆ ਤੋਂ ਨਿਊਜੀਲੈਂਡ ਮੰਗਵਾ ਰਹੀਆਂ ਹਨ।