ਆਕਲੈਂਡ (ਹਰਪ੍ਰੀਤ ਸਿੰਘ) - ਇੰਡੀਆ ਵਿੱਚ ਸੜਕ 'ਤੇ ਜਾਂਦਿਆਂ ਗਲਤੀ ਹੋ ਜਾਏ ਤਾਂ ਪੁਲਿਸ ਨਾਲ ਅਕਸਰ ਹੀ ਲੈ-ਦੇਕੇ ਮੌਕੇ 'ਤੇ ਨਿਪਟਾਰਾ ਹੋ ਜਾਂਦਾ ਹੈ, ਪਰ ਨਿਊਜੀਲੈਂਡ ਵਰਗੇ ਮੁਲਕਾਂ ਵਿੱਚ ਅਜਿਹਾ ਨਹੀਂ ਹੁੰਦਾ।
ਇੰਡੀਆ ਤੋਂ ਨਿਊਜੀਲੈਂਡ ਹਨੀਮੂਨ ਮਨਾਉਣ ਆਏ ਇੱਕ ਭਾਰਤੀ ਮੂਲ ਦੇ ਨਵੇਂ ਵਿਆਹੇ ਜੋੜੇ ਦੀਆਂ ਮੁਸ਼ਕਿਲਾਂ ਉਸ ਵੇਲੇ ਵੱਧ ਗਈਆਂ ਜਦੋਂ ਨੌਜਵਾਨ 100 ਦੀ ਰਫਤਾਰ ਵਾਲੇ ਰੋਡ 'ਤੇ 140 ਦੀ ਸਪੀਡ 'ਤੇ ਜਾਂਦਾ ਫੜਿਆ ਗਿਆ।
ਪੁਲਿਸ ਨੇ ਦੱਸਿਆ ਕਿ ਉਸਦਾ ਲਾਇਸੈਂਸ 28 ਦਿਨਾਂ ਲਈ ਰੱਦ ਹੋਏਗਾ ਤੇ ਜੇ ਉਹ ਉਹ ਦੁਬਾਰਾ ਫੜਿਆ ਗਿਆ ਤਾਂ ਉਸਦਾ ਪਾਸਪੋਰਟ ਵੀ ਸੀਜ਼ ਹੋਏਗਾ ਤੇ ਉਸਨੂੰ ਮੋਟਾ ਜੁਰਮਾਨਾ ਵੀ ਅਦਾ ਕਰਨਾ ਪਏਗਾ।
ਪਰ ਆਪਣੇ ਆਪ ਨੂੰ ਬਚਾਉਣ ਲਈ ਨੌਜਵਾਨ ਪੁਲਿਸ ਕਰਮਚਾਰੀ ਨੂੰ ਕਹਿੰਦਾ ਹੈ ਕਿ ਉਸਦੀ ਜਗ੍ਹਾ ਉਸਦੀ ਪਤਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਏ।
ਇਸ ਬੇਵਕੂਫੀ ਭਰੀ ਗੱਲ ਨੂੰ ਸੁਣਕੇ ਪੁਲਿਸ ਕਰਮੀ ਕੁਝ ਹੈਰਾਨ ਹੁੰਦਾ ਹੈ ਤੇ ਉਸਨੂੰ ਕਹਿੰਦਾ ਹੈ ਕਿ ਜੇ ਉਸਦੀ ਪਤਨੀ ਡਰਾਈਵਿੰਗ ਨਹੀਂ ਕਰ ਸਕਦੀ ਤਾਂ ਦੋਨਾਂ ਨੂੰ ਗੱਡੀ ਛੱਡ ਕੇ ਬੱਸ 'ਤੇ ਵਾਪਿਸ ਆਪਣੇ ਹੋਟਲ ਜਾਣਾ ਪਏਗਾ।
ਇਸ ਤੋਂ ਇਲਾਵਾ ਪੁਲਿਸ ਵਾਲਾ ਇੱਕ ਹੋਰ ਆਫਰ ਜੋੜੇ ਨੂੰ ਦਿੰਦਾ ਹੈ, ਪੁਲਿਸ ਕਰਮਚਾਰੀ ਮਹਿਲਾ ਨੂੰ ਗੱਡੀ ਚਲਾਉਣ ਲਈ ਕਹਿੰਦਾ ਹੈ ਤੇ ਉਨ੍ਹਾਂ ਨੂੰ ਐਸਕੋਰਟ ਕਰਕੇ ਉਨ੍ਹਾਂ ਮਹਿਲਾ ਦਾ ਡਰਾਈਵਿੰਗ ਸਬੰਧੀ ਨਿਊਜੀਲੈਂਡ ਦੀ ਸੜਕ 'ਤੇ ਝਾਕਾ ਖੌਲਦਾ ਹੈ। ਜਿਸ ਤੋਂ ਬਾਅਦ ਜੋੜਾ ਆਪਣੀ ਮੰਜਿਲ ਵੱਲ ਵੱਧ ਜਾਂਦਾ ਹੈ।