ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਦੇ ਰੰਗੀਰੋਆ ਵਿਖੇ ਇੱਕ ਭਿਆਨਕ ਸੜਕੀ ਹਾਦਸੇ ਵਿੱਚ ਇੱਕ 18 ਸਾਲਾ ਮੁਟਿਆਰ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਅਨੁਸਾਰ ਇਹ ਦੁਰਘਟਨਾ ਸਟਰੀਟ ਰੈਸਿੰਗ ਦੇ ਕਾਰਨ ਵਾਪਰੀ ਹੈ।
ਪੁਲਿਸ ਨੂੰ ਗੈਰ-ਕਾਨੂੰਨੀ ਸਟਰੀਟ ਰੈਸਿੰਗ ਬਾਰੇ ਤੜਕੇ 4.45 ਵਜੇ ਜਾਣਕਾਰੀ ਮਿਲੀ ਸੀ, ਮੌਕੇ 'ਤੇ ਪੁੱਜੀ ਪੁਲਿਸ ਨੇ ਇੱਕ ਗੱਡੀ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਡਰਾਈਵਰ ਵਲੋਂ ਬਹੁਤ ਹੀ ਖਤਰਨਾਕ ਡਰਾਈਵਿੰਗ ਕਰਨ ਦੇ ਚਲਦਿਆਂ ਉਨ੍ਹਾਂ ਗੱਡੀ ਦਾ ਪਿੱਛਾ ਛੱਡ ਦਿੱਤਾ ਤੇ ਕੁਝ ਸਮੇਂ ਬਾਅਦ ਉਸੇ ਗੱਡੀ ਦੇ ਹਾਦਸੇ ਦੀ ਖਬਰ ਪੁਲਿਸ ਨੂੰ ਮਿਲੀ।
ਗੱਡੀ ਵਿੱਚ 4 ਜਣੇ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ 18 ਸਾਲਾ ਨੌਜਵਾਨ ਮੁਟਿਆਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ 18 ਸਾਲਾ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਕਾਰ ਵਿੱਚ ਸਵਾਰ 2 ਹੋਰ ਯਾਤਰੀਆਂ ਨੂੰ ਬਿਲਕੁਲ ਵੀ ਸੱਟ ਨਹੀਂ ਵੱਜੀ।