ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ 1000 ਤੋਂ ਵਧੇਰੇ ਇੰਡੀਆ ਵਿੱਚ ਫਸੇ ਨਿਊਜੀਲੈਂਡ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ ਨੂੰ ਵਾਪਿਸ ਲਿਆਉਣ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤੇ ਜਾਣ ਦੀ ਗੱਲ ਤਾਂ ਆਖੀ ਗਈ ਹੈ, ਪਰ ਇਸ ਉਡਾਣ 'ਤੇ ਆਉਣ ਵਾਲਾ ਟਿਕਟਾਂ ਦਾ ਖਰਚਾ ਕਈਆਂ ਲਈ ਕਰਨਾ ਖਾਸਾ ਔਖਾ ਸਾਬਿਤ ਹੋ ਰਿਹਾ ਹੈ, ਖਾਸ ਕਰ ਉਨ੍ਹਾਂ ਲੋਕਾਂ ਲਈ ਜੋ ਪਰਿਵਾਰ ਸਮੇਤ ਇੰਡੀਆ ਬੈਠੇ ਹੋਏ ਹਨ।
ਇੱਕ ਟਿਕਟ ਦਾ ਖਰਚਾ $5500 ਦੇ ਕਰੀਬ ਆਉਣਾ ਹੈ, ਤੇ ਪੰਜਾਬ ਵਿੱਚ ਆਪਣੀ ਪਤਨੀ ਅਤੇ ਬੱਚੇ ਸਮੇਤ ਫਸੇ ਹੈਮਿਲਟਨ ਦੇ ਲਵਿੰਦਰ ਸਿੰਘ ਬੁੱਟਰ ਦਾ ਕਹਿਣਾ ਹੈ ਕਿ $16500 ਦਾ ਖਰਚ ਤਾਂ ਉਨ੍ਹਾਂ ਨੂੰ ਕਰਜੇ ਵਿੱਚ ਡੁਬੋ ਦੇਵੇਗਾ ਅਤੇ ਇਸੇ ਲਈ ਉਨ੍ਹਾਂ ਨੇ ਹਾਲਾਤ ਸਧਾਰਣ ਹੋਣ ਤੱਕ ਵਾਪਿਸ ਨਿਊਜੀਲੈਂਡ ਆਉਣ ਦਾ ਖਿਆਲ ਹੀ ਛੱਡ ਦਿੱਤਾ ਹੈ। ਲਵਿੰਦਰ ਦਾ ਕਹਿਣਾ ਹੈ ਕਿ ਇਨ੍ਹਾਂ ਖਰਚਾ ਭਰਨ ਤੋਂ ਵਧੀਆ ਹੈ ਕਿ ਮਹੀਨਾ ਖੰਡ ਹੋਰ ਉਡੀਕ ਲਿਆ ਜਾਏ।
ਪਰ ਦੂਜੇ ਪਾਸੇ ਵੈਲੰਿਗਟਨ ਦੇ ਵਰੁਣ ਮਹਿੰਦਰਰੱਤਾ ਜੋ ਕਿ ਪੰਜਾਬ ਵਿੱਚ ਇਸ ਵੇਲੇ ਆਪਣੀ ਪਤਨੀ ਅਤੇ 10 ਮਹੀਨੇ ਦੀ ਬੱਚੀ ਨਾਲ ਮੌਜੂਦ ਹਨ, ਉਹ ਇਸ ਅੱਕ ਨੂੰ ਚੱਬਣ ਲਈ ਮਜਬੂਰ ਹਨ, ਕਿਉਂਕਿ ਉਨ੍ਹਾਂ ਦੀ ਪਤਨੀ ਦੇ ਇਮਪਲਾਇਰ ਨੇ ਉਨ੍ਹਾਂ ਨੂੰ ਵਾਪਸੀ ਕੰਮ 'ਤੇ ਪਰਤਣ ਲਈ ਡੈੱਡਲਾਈਨ ਦੇ ਦਿੱਤੀ ਹੈ ਅਤੇ ਜੇ ਉਹ ਵਾਪਿਸ ਨਹੀਂ ਆਉਂਦੇ ਤਾਂ ਉਨ੍ਹਾਂ ਲਈ ਸਿਰ ਦਰਦੀ ਹੋਰ ਵੱਧ ਜਾਏਗੀ। ਸੋ ਕਿਤੇ ਨਾ ਕਿਤੇ ਇਨੀਂ ਜਿਆਦਾ ਮਹਿੰਗੀ ਟਿਕਟ ਹਰ ਇੱਕ ਲਈ ਵੱਡੀ ਸੱਮਸਿਆ ਸਾਬਿਤ ਹੋ ਰਹੀ ਹੈ।