ਆਸਟ੍ਰੇਲੀਆ ‘ਚ ਭਾਰਤੀ ਨਾਗਰਿਕਾਂ ਅਤੇ ਭਾਰਤੀ ਪਾਸਪੋਰਟ ਧਾਰਕਾਂ ਨਾਲ ‘ਭਾਰਤੀ ਹਾਈ ਕਮਿਸ਼ਨ’ ਦੇ ਨਾਂ ਹੇਠ ਫਰਜ਼ੀ ਫੋਨ ਕਾਲਾਂ ਨਾਲ ਧੋਖਾਦੇਹੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਈ ਕਮਿਸ਼ਨ ਕੈਨਬਰਾ ਨੇ ਅਗਾਹ ਕਰਦਿਆਂ ਅਜਿਹੀ ਕਿਸੇ ਵੀ ਫਰਜ਼ੀ ਫੋਨ ਕਾਲ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ। ਕਾਲਾਂ ‘ਚ ਅਕਸਰ ਆਸਟ੍ਰੇਲੀਅਨ ਟੈਕਸ ਵਿਭਾਗ ਜਾਂ ਇਮੀਗ੍ਰੇਸ਼ਨ ਵਿਭਾਗ ਦਾ ਨਾਂ ਲੈ ਕੇ ਪੈਸਾ ਠੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਹੁਣ ਦੇਖਣ ‘ਚ ਆ ਰਿਹਾ ਹੈ ਕਿ ਇਹਨਾਂ ਠੱਗਾਂ ਵਲੋਂ ਭਾਰਤੀ ਹਾਈ ਕਮਿਸ਼ਨ ਦਾ ਨਾਂ ਲੈ ਕੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਲ ਕਰਨ ਵਾਲੇ ਅਕਸਰ ਕਹਿੰਦੇ ਹਨ ਕਿ ਸਥਾਨਕ ਅਧਿਕਾਰੀ (ਆਸਟ੍ਰੇਲੀਅਨ ਇਮੀਗ੍ਰੇਸ਼ਨ/ਡੀਆਈਬੀਪੀ/ਐਮਐਚਏ) ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਰਹੇ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਡੀਪੋਰਟ ਦੇ ਹੁਕਮ ਹੋਣ ਜਾ ਰਹੇ ਹਨ। ਅਜਿਹੀ ਧਮਕੀ ਤੋਂ ਬਾਅਦ ਸਹਾਇਤਾ ਦੀ ਪੇਸ਼ਕਸ਼ ਕਰਦਿਆਂ, ਕਾਲ ਕਰਨ ਵਾਲਾ ਵਿਅਕਤੀ, ਪੀੜਤ ਨੂੰ ਤਾਕੀਦ ਕਰਦਾ ਹੈ ਕਿ ਪੈਸਾ ਤੁਰੰਤ ਵੈਸਟਰਨ ਯੂਨੀਅਨ ਰਾਹੀਂ ਕਿਸੇ ਖਾਤੇ ਵਿੱਚ ਤਬਦੀਲ ਕੀਤਾ ਜਾਵੇ। ਫੋਨ ਕਰਨ ਵਾਲਾ ਵਿਅਕਤੀ, ਪੀੜਤ ਨੂੰ ਕਾਲ ਕੱਟਣ ਜਾਂ ਕੁੱਝ ਹੋਰ ਸੋਚਣ ਦਾ ਸਮਾਂ ਵੀ ਨਹੀਂ ਦਿੰਦੇ। ਜੇਕਰ ਕਿਸੇ ਵੀ ਵਿਅਕਤੀ ਨੂੰ ਫਰਜ਼ੀ ਫੋਨ ਕਾਲ ਆਉਦੀ ਹੈ, ਤਾਂ ਉਸ ਨੂੰ ਤੁਰੰਤ ਭਾਰਤ ਦੇ ਹਾਈ ਕਮਿਸ਼ਨ ਕੈਨਬਰਾ ਨੂੰ ppt.canberra@mea.gov.au ਈ-ਮੇਲ ਰਾਹੀਂ ਸੰਪਰਕ ਕਰਨਾ ਚਾਹੀਦਾ ਹੈ।