ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਾਲ ਸਤੰਬਰ ਤੱਕ ਨਿਊਜੀਲੈਂਡ ਦੀ ਨੈੱਟ ਮਾਈਗ੍ਰੇਸ਼ਨ ਨੇ ਨਵੇਂ ਰਿਕਾਰਡ ਹਾਸਿਲ ਕੀਤੇ ਹਨ। ਸਟੇਟੇਸਟਿਕਸ ਨਿਊਜੀਲੈਂਡ ਦੇ ਤਾਜਾ ਜਾਰੀ ਆਂਕੜਿਆਂ ਅਨੁਸਾਰ ਇਸ ਸਾਲ ਤੋਂ ਸਤੰਬਰ ਤੱਕ ਕੁੱਲ 237,100 ਪ੍ਰਵਾਸੀ ਨਿਊਜੀਲੈਂਡ ਪੁੱਜੇ ਹਨ, ਜੋ ਕਿ ਬੀਤੇ ਸਾਲ ਦੇ ਮੁਕਾਬਲੇ 83% ਜਿਆਦਾ ਹੈ ਅਤੇ ਇਸੇ ਤਰ੍ਹਾਂ ਨਿਊਜੀਲੈਂਡ ਛੱਡਕੇ ਜਾਣ ਵਾਲਿਆਂ ਦੀ ਗਿਣਤੀ 118,200 ਪੁੱਜ ਗਈ ਹੈ, ਜੋ ਕਿ ਬੀਤੇ ਸਾਲ ਦੇ ਮੁਕਾਬਲੇ 33% ਜਿਆਦਾ ਹੈ। ਪਰ ਨੈੱਟ ਮਾਈਗ੍ਰੇਸ਼ਨ ਦਾ ਇਹ ਰਿਕਾਰਡ ਸੱਤਰ 2020 ਤੋਂ ਬਾਅਦ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਜਦੋਂ ਮਾਰਚ 2020 ਵਿੱਚ 184,900 ਪ੍ਰਵਾਸੀ ਨਿਊਜੀਲੈਂਡ ਪੁੱਜੇ ਸਨ ਅਤੇ 91,700 ਨਿਊਜੀਲੈਂਡ ਛੱਡਕੇ ਗਏ ਸਨ।
ਨਿਊਜੀਲੈਂਡ ਛੱਡਕੇ ਜਾਣ ਵਾਲਿਆਂ ਦਾ ਇਸ ਤੋਂ ਪਹਿਲਾਂ ਦਾ ਰਿਕਾਰਡ 2012 ਵਿੱਚ ਬਣਿਆਂ ਸੀ, ਜਦੋਂ 117,400 ਲੋਕਾਂ ਨੇ ਨਿਊਜੀਲੈਂਡ ਨੂੰ ਅਲਵਿਦਾ ਕਿਹਾ ਸੀ।
ਸਤੰਬਰ 2023 ਵਿੱਚ ਬਣਿਆ ਨਿਊਜੀਲੈਂਡ ਆਉਣ ਵਾਲਿਆਂ ਅਤੇ ਛੱਡਕੇ ਜਾਣ ਵਾਲਿਆਂ ਦਾ ਇਹ ਰਿਕਾਰਡ 2002-2019 ਦੇ ਵਿਚਾਲੇ ਦੇ ਪ੍ਰੀ ਕੋਵਿਡ ਪੱਧਰ ਤੋਂ ਵੀ ਜਿਆਦਾ ਹੈ।