ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਵਿੱਚ 6 ਸਾਲ ਦੀ ਛੋਟੀ ਜਿਹੀ ਉਮਰ ਦੇ ਬੱਚੇ ਵੀ ਵੇਪਿੰਗ ਦੀ ਆਦਤ ਦਾ ਸ਼ਿਕਾਰ ਹੋ ਰਹੇ ਹਨ।
ਵੇਪਿੰਗ ਦੀ ਬੁਰੀ ਆਦਤ 'ਤੇ ਕਿਵੇਂ ਕਾਬੂ ਪਾਇਆ ਜਾਏ, ਇਸ ਲਈ ਪਹਿਲੀ ਵਾਰ ਵਲੰਿਗਟਨ ਵਿੱਚ ਹੋਈ ਕਾਨਫਰੰਸ ਵਿੱਚ ਬੀਤੇ ਦਿਨੀਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਤੇ ਇਸੇ ਕਾਨਫਰੰਸ ਵਿੱਚ ਹੀ ਸਮੋਕਫਰੀ ਪ੍ਰੈਕਟਿਸ਼ਨਰ ਲੁਇਸ ਹਿਲਟਨ ਨੇ ਨਿਊਜੀਲੈਂਡ ਵਾਸੀਆਂ ਨੂੰ ਇੱਕ ਚੇਤਾਵਨੀ ਦੇ ਰੂਪ ਵਿੱਚ ਅਜਿਹੀ ਸੱਚਾਈ ਦੱਸੀ ਜੋ ਕਿਸੇ ਵੀ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਕਹੀ ਜਾ ਸਕਦੀ ਹੈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇੱਕ 6 ਸਾਲ ਦੇ ਬੱਚੇ ਨੂੰ ਵੇਪਿੰਗ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਲਿਆਉਂਦਾ ਗਿਆ ਸੀ, ਇਹ ਆਦਤ ਉਸਨੂੰ ਆਪਣੇ ਭੈਣਾ-ਭਰਾਵਾਂ ਦੇ ਵੇਪਿੰਗ ਟੂਲ ਨੂੰ ਵਰਤੇ ਜਾਣ ਤੋਂ ਬਾਅਦ ਪਈ, ਜਦੋਂ ਹਾਲਾਤ ਅਜਿਹੇ ਹੋ ਗਏ ਕਿ ਉਸਨੂੰ ਸਕੂਲ ਵਿੱਚ ਪੜ੍ਹਾਈ ਕਰਨੀ ਵੀ ਔਖੀ ਲੱਗਣ ਲੱਗ ਪਈ ਤੇ ਉਹ ਪੂਰੀ ਤਰ੍ਹਾਂ ਜਿੱਦੀ ਬਣ ਗਿਆ। ਅੰਤ ਮਾਪਿਆਂ ਨੂੰ ਲੁਇਸ ਹਿਲਟਨ ਦੀ ਮੱਦਦ ਲੈਣ ਦੀ ਸਲਾਹ ਦਿੱਤੀ ਗਈ, ਲੁਇਸ ਨੇ ਇੱਥੇ ਇਹ ਵੀ ਦੱਸਿਆ ਕਿ ਇਹ ਇਸ ਮੁੱਦੇ 'ਤੇ ਕੋਈ ਇੱਕ ਉਦਾਹਰਣ ਨਹੀਂ ਹੈ, ਬਲਕਿ ਉਸ ਕੋਲ ਹੋਰ ਵੀ ਅਜਿਹੀ ਛੋਟੀ ਉਮਰ ਦੇ ਬੱਚਿਆਂ ਦੇ ਕੇਸ ਆਉਂਦੇ ਹਨ, ਜਿਨ੍ਹਾਂ ਨੂੰ ਵੇਪਿੰਗ ਦੀ ਆਦਤ ਸਕੂਲ ਵਿੱਚੋਂ, ਡੇਅਰੀ ਸ਼ਾਪ ਤੋਂ ਜਾਂ ਉਨ੍ਹਾਂ ਦੇ ਮਾਪਿਆਂ ਤੋਂ ਹੀ ਲੱਗੀ ਹੁੰਦੀ ਹੈ, ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਵੇਪਿੰਗ ਇੱਕ ਬੁਰੀ ਆਦਤ ਹੈ।