ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਸਭ ਤੋਂ ਸੋਹਣੇ ਤੇ ਖੁਸ਼ੀਆਂ ਭਰੇ ਇਲਾਕਿਆਂ ਵਿੱਚੋਂ ਇੱਕ ਕੁਈਨਜ਼ਟਾਊਨ ਵਿੱਚ ਇਸ ਵੇਲੇ ਆਬਾਦੀ ਇਸ ਪੱਧਰ ਤੱਕ ਪੁੱਜਣ ਜਾ ਰਹੀ ਹੈ, ਜਿਸ ਕਾਰਨ ਰਹਿਣਯੋਗ ਘਰਾਂ ਦੀ ਕਮੀ ਅਤੇ ਇਸ ਜਿਹੀਆਂ ਕਈ ਹੋਰ ਸੱਮਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।
ਦਰਅਸਲ ਕੁਈਨਜ਼ਟਾਊਨ ਇਸ ਵੇਲੇ ਨਿਊਜੀਲੈਂਡ ਦੇ ਉਨ੍ਹਾਂ ਕੁਝ ਇਲਾਕਿਆਂ ਵਿੱਚ ਮੋਹਰੀ ਬਣ ਗਿਆ ਹੈ, ਜਿਨ੍ਹਾਂ ਵਿੱਚ ਆਬਾਦੀ ਸਭ ਤੋਂ ਤੇਜੀ ਨਾਲ ਵੱਧ ਰਹੀ ਹੈ ਤੇ ਇਸ ਵਿੱਚ ਸਭ ਤੋਂ ਅਹਿਮ ਕਾਰਨ ਨੈੱਟ ਮਾਈਗ੍ਰੇਸ਼ਨ ਭਾਵ ਪ੍ਰਵਾਸੀਆਂ ਦੀ ਆਮਦਗੀ ਹੈ। ਓਟੇਗੋ ਤੇ ਬੇਅ ਆਫ ਪਲੈਂਟੀ ਵੀ ਕੁਈਨਜ਼ਟਾਊਨ ਤੋਂ ਬਾਅਦ ਇਸ ਦੌੜ ਵਿੱਚ ਸਭ ਤੋਂ ਮੋਹਰੀ ਇਲਾਕਿਆਂ ਵਿੱਚ ਸ਼ਾਮਿਲ ਹਨ। ਕੁਈਨਜ਼ਟਾਊਨ ਵਿੱਚ ਇਸ ਸਾਲ ਦੀ ਸ਼ੁਰੂਆਤ ਤੋਂ ਜੂਨ ਤੱਕ ਹੀ ਆਬਾਦੀ ਵਿੱਚ 3900 ਦਾ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਇਸ ਵਿੱਚ ਸਭ ਤੋਂ ਜਿਆਦਾ ਹਿੱਸਾ 1100 ਪ੍ਰਵਾਸੀਆਂ ਦਾ ਹੈ, ਜੋ ਇਸੇ ਸਾਲ ਨਿਊਜੀਲੈਂਡ ਪੁੱਜੇ ਹਨ।