ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਦਾ ਆਂਕੜਾ 200,000 ਟੱਪ ਗਿਆ, ਪਰ ਇੱਥੇ ਦੱਸਦੀਏ ਕਿ ਕਿੰਨੀ ਤੇਜੀ ਨਾਲ ਵਧੀਆਂ ਹਨ ਕੋਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ।
ਪਹਿਲੀ ਮੌਤ 10 ਜਨਵਰੀ ਨੂੰ ਦਰਜ ਕੀਤੀ ਗਈ, ਉਸ ਤੋਂ ਬਾਅਦ 91 ਦਿਨ ਲੱਗੇ 100,000 ਮੌਤਾਂ ਹੋਣ ਨੂੰ, ਪਰ ਇਹ ਆਂਕੜਾ 200,000 ਪਾਰ ਕਰਨ ਨੂੰ ਪਿਛਲੇ ਸਿਰਫ 16 ਦਿਨ ਲੱਗੇ ਹਨ। ਭਵਿੱਖਬਾਣੀ ਇਹ ਹੈ ਕਿ ਆਉਂਦੇ ਕੁਝ ਦਿਨਾਂ ਵਿੱਚ ਕੁੱਲ ਪ੍ਰਭਾਵਿਤ ਲੋਕਾਂ ਦੀ ਗਿਣਤੀ 30 ਲੱਖ ਪਾਰ ਹੋ ਜਾਏਗੀ ਅਤੇ ਜਾਹਿਰ ਤੌਰ 'ਤੇ ਮੌਤਾਂ ਦਾ ਕਹਿਰ ਵੀ ਜਾਰੀ ਰਹੇਗਾ। ਆਪਣੇ ਆਪ ਨੂੰ ਸੂਪਰ ਪਾਵਰ ਮੰਨਣ ਵਾਲੇ ਲਗਭਗ ਸਾਰੇ ਦੇਸ਼ ਹੀ ਇਸ ਦੀ ਗ੍ਰਿਫਤ ਵਿੱਚ ਹਨ, ਇਨ੍ਹਾਂ ਦੇਸ਼ਾਂ ਨੇ ਅਰਥਵਿਵਸਥਾ ਨੂੰ ਮੂਹਰੇ ਰੱਖਿਆ ਤੇ ਇੱਥੋਂ ਦੇ ਨਾਗਰਿਕ ਹੁਣ ਇਸ ਦਾ ਕਹਿਰ ਝੱਲ ਰਹੇ ਹਨ। ਤੇ ਹੁਣ ਗੱਲ ਕਰੀਏ ਜੇ ਨਿਊਜੀਲੈਂਡ ਦੀ ਤਾਂ ਅਜੇ ਇੱਥੇ ਕੋਰੋਨਾ ਕਰਕੇ ਸਿਰਫ 18 ਮੌਤਾਂ ਹੋਈਆਂ ਹਨ ਅਤੇ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਕੁਝ ਇੱਕ ਸੈਂਕੜੇ ਹੀ ਹੈ, ਜਿਆਦਾਤਰ ਲੋਕ ਠੀਕ ਵੀ ਹੋ ਚੁੱਕੇ ਹਨ ਅਤੇ ਕੱਲ ਅਲਰਟ ਲੈਵਲ 3 ਵੀ ਲਾਗੂ ਹੋਣ ਜਾ ਰਿਹਾ ਹੈ ਅਤੇ ਇਸ ਪਿੱਛੇ ਸਿੱਧੇ ਤੌਰ 'ਤੇ ਨਿਊਜੀਲੈਂਡ ਸਰਕਾਰ ਵਲੋਂ ਸਮੇਂ ਸਿਰ ਚੁੱਕੇ ਗਏ ਕਦਮ ਹਨ, ਜਿਸ ਕਰਕੇ ਸਭ ਕਾਬੂ ਵਿੱਚ ਹੈ।