ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਲੋਂ ਕੋਰੋਨਾ ਵਾਇਰਸ ਟ੍ਰੈਸਿੰਗ ਐਪ ਕੋਵਿਡ ਸੈਫ ਸ਼ੁਰੂ ਕੀਤੀ ਗਈ, ਯੂਜਰ ਇਸ ਨੂੰ ਆਪਣੀ ਮਰਜੀ ਨਾਲ ਡਾਊਨਲੋਡ ਕਰ ਸਕਦਾ ਹੈ ਤੇ ਇਸ ਵਿੱਚ ਯੂਜਰ ਦਾ ਨਿੱਜੀ ਡਾਟਾ ਜਿਵੇਂ ਕਿ ਨਾਮ, ਪਤਾ, ਲੋਕੇਸ਼ਨ, ਫੋਨ ਆਦਿ ਮੰਗੇ ਜਾਂਦੇ ਹਨ ਅਤੇ ਇਸ ਐਪ ਰਾਂਹੀ ਯੂਜਰ ਨੂੰ ਕੋਰੋਨਾ ਦੇ ਤਾਜੇ ਮਾਮਲਿਆਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਨਾਲ ਉਹ ਚੌਕੰਨਾ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਵਧੇਰੇ ਸਾਵਧਾਨੀਆਂ ਵਰਤਦਿਆਂ ਸੁਰੱਖਿਅਤ ਕਰ ਲੈਂਦਾ ਹੈ। ਇਹੀ ਇਸ ਐਪ ਦਾ ਆਧਾਰ ਹੈ ਅਤੇ ਇਸੇ ਫੀਚਰ ਰਾਂਹੀ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਨੂੰ ਤੇਜੀ ਨਾਲ ਕਾਬੂ ਪਾਉਣ ਵਿੱਚ ਮੱਦਦ ਮਿਲੇਗੀ ਤੇ ਜੋ ਐਪ ਨਿਊਜੀਲੈਂਡ ਵਾਸੀਆਂ ਨੂੰ ਮਿਲੇਗੀ, ਉਹ ਵੀ ਇਸੇ ਤਰ੍ਹਾਂ ਕੰਮ ਕਰੇਗੀ। ਇਸ ਤੋਂ ਪਹਿਲਾਂ ਸਿੰਘਾਪੁਰ ਤੇ ਤਾਈਵਾਨ ਵਿੱਚ ਵੀ ਅਜਿਹੀ ਐਪ ਦੀ ਵਰਤੋਂ ਕੀਤੀ ਜਾ ਚੁੱਕੀ ਹੈ।
ਪਰ ਸਰਕਾਰਾਂ ਵਲੋਂ ਜਾਰੀ ਕੀਤੀਆਂ ਜਾ ਰਹੀਆਂ ਅਜਿਹੀਆਂ ਐਪਸ ਦੇ ਸਬੰਧੀ ਕਿੰਤੂ-ਪ੍ਰੰਤੂ ਵੀ ਉੱਠਣੇ ਸ਼ੁਰੂ ਹੋ ਗਏ ਹਨ ਤੇ ਇਸਨੂੰ ਯੂਜਰ ਦੀ ਨਿੱਜੀ ਜਾਣਕਾਰੀ ਵਰਤਣ ਵਾਲਾ ਹਥਿਆਰ ਮੰਨਿਆ ਜਾ ਰਿਹਾ ਹੈ, ਅਤੇ ਇਸਦਾ ਖਤਰਾ ਕੋਰੋਨਾ ਬਿਮਾਰੀ ਖਤਮ ਹੋਣ ਤੋਂ ਬਾਅਦ ਵੀ ਕਾਇਮ ਰਹੇਗਾ। ਇਹ ਦਾਅਵਾ ਹੈ ਐਡਵਰਡ ਸਨੋਡੇਨ ਦਾ, ਉਹ ਸ਼ਖਸ ਜਿਸਨੇ ਅਮਰੀਕਾ ਦੀ ਨੈਸ਼ਨਲ ਸਕਿਓਰਟੀ ਐਜੰਸੀ ਦਾ ਸਾਰਾ ਡਾਟਾ ਕੋਪੀ ਕਰ ਲੀਕ ਕਰਤਾ ਸੀ।
ਐਡਵਰਡ ਅਨੁਸਾਰ ਕਿਸੇ ਦੇਸ਼ ਦੇ ਨਾਗਰਿਕਾਂ ਦਾ ਅਜਿਹਾ ਜਾਣਕਾਰੀਆਂ ਦਾ ਭੰਡਾਰ ਚੋਰੀ ਕੀਤੇ ਜਾਣ 'ਤੇ ਇੱਕ ਹਥਿਆਰ ਵਜੋਂ ਵਰਤਿਆ ਜਾ ਸਕਦਾ ਹੈ ਤੇ ਸਰਕਾਰਾਂ ਵੀ ਅਜਿਹੇ ਡਾਟੇ ਦਾ ਲਾਹਾ ਕਿਤੇ ਨਾ ਕਿਤੇ ਲੈ ਸਕਦੀਆਂ ਹਨ।