ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਦੀ ਵੈਜ ਸਬਸਿਡੀ ਸਕੀਮ ਤਹਿਤ ਸਰਕਾਰ ਨੇ ਉਨ੍ਹਾਂ ਕਾਰੋਬਾਰੀਆਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਵਿੱਚ ਮੱਦਦ ਕਰਨੀ ਸੀ, ਜਿਨ੍ਹਾਂ ਦੇ ਰੈਵੇਨਿਊ ਵਿੱਚ 30% ਦੀ ਕਮੀ ਆਈ ਸੀ, ਪਰ ਜੇ ਗੱਲ ਕਰੀਏ ਕੀਵੀ ਫਰੂਟ ਸੈਕਟਰ ਦੀ ਤਾਂ ਇਸ ਵਰ੍ਹੇ ਰਿਕਾਰਡਤੋੜ ਫਸਲ ਪੈਦਾ ਹੋਈ ਹੈ, ਪਰ ਇਸਦੇ ਬਾਵਜੂਦ ਰਿਵਰਲੋਕ ਪੈਕਹਾਊਸ, ਬੇਅ ਗੋਲਡ ਤੇ ਅਪਾਟਾ ਕੰਪਨੀਆਂ ਵਲੋਂ ਸੈਂਕੜੇ ਕਰਮਚਾਰੀਆਂ ਲਈ $2 ਮਿਲੀਅਨ ਦੀ ਸਰਕਾਰੀ ਮੱਦਦ ਲਈ ਹੈ।
ਮਾਮਲਾ ਉਜਾਗਰ ਹੋਣ 'ਤੇ ਨਾਲ ਦੀਆਂ ਸਾਥੀ ਕੰਪਨੀਆਂ ਵਲੋਂ ਹੀ ਇਨ੍ਹਾਂ ਤਿੰਨੋਂ ਕੰਪਨੀਆਂ ਦੀ ਕਾਫੀ ਲਾਹ-ਪਾਹ ਕੀਤੀ ਗਈ ਹੈ, ਕਿਉਂਕਿ ਹੋਰਨਾਂ ਕੀਵੀ ਫਰੂਟ ਕੰਪਨੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਇਹ ਲੋੜਵੰਦ ਕਾਰੋਬਾਰੀਆਂ ਲਈ ਚਲਾਈ ਗਈ ਸਕੀਮ ਹੈ, ਜਿਨ੍ਹਾਂ ਦਾ ਕਾਰੋਬਾਰ ਘਟਿਆ ਹੈ, ਪਰ ਇਸ ਵਾਰ ਕੀਵੀਫਰੂਟ ਕੰਪਨੀਆਂ ਤਾਂ ਰਿਕਾਰਡਤੋੜ ਝਾੜ ਕਰਕੇ ਫਾਇਦੇ ਵਿੱਚ ਹਨ ਅਤੇ ਅਜਿਹੇ ਵਿੱਚ ਇਨ੍ਹਾਂ ਕੰਪਨੀਆਂ ਵਲੋਂ ਇਸ ਸਕੀਮ ਦਾ ਲਾਹਾ ਲੈਣਾ ਸ਼ਰਮਨਾਕ ਹੈ।