ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਆਕਲੈਂਡ ਇੰਡੀਅਨ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਅਤੇ ਜਸਟਿਸ ਆਫ਼ ਪੀਸ ਕਾਂਤੀਲਾਲ ਪਟੇਲ ਨੂੰ ਸ਼ੋਸ਼ਲ ਮੀਡੀਆ 'ਤੇ ਮੁਸਲਿਮ ਵਿਰੋਧੀ ਟਿੱਪਣੀ ਮਹਿੰਗੀ ਪੈ ਗਈ ਹੈ। ਵਲਿੰਗਟਨ ਜਸਟਿਸ ਆਫ ਪੀਸ ਐਸੋਸੀਏਸ਼ਨ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਪਟੇਲ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਹੈ।
ਮੀਡੀਆ ਦੀ ਇੱਕ ਰਿਪੋਰਟ ਅਨੁਸਾਰ ਅਜਿਹੇ ਮਾਮਲੇ ਤਹਿਤ ਭਾਰਤੀ ਮੂਲ ਦੇ ਕਿਸੇ ਕਮਿਊਨਿਟੀ ਲੀਡਰ ਦੀ ਅਜਿਹੀ ਮੈਂਬਰਸ਼ਿਪ ਖ਼ਤਮ ਕੀਤੀ ਜਾਣ ਦੀ ਪਹਿਲੀ ਘਟਨਾ ਹੈ, ਜਦੋਂ ਕਿਸੇ ਦੀ ਕਿਸੇ ਧਰਮ ਵਿਰੁੱਧ ਕੀਤੀ ਗਈ ਟਿੱਪਣੀ ਦੇ ਅਧਾਰ 'ਤੇ ਐਸੋਸੀਏਸ਼ਨ ਨੇ ਅਜਿਹਾ ਸਖ਼ਤ ਫ਼ੈਸਲਾ ਲਿਆ ਹੈ। ਵਲਿੰਗਟਨ ਜਸਟਿਸ ਆਫ ਪੀਸ ਐਸੋਸੀਏਸ਼ਨ ਦੀ ਵਾਈਸ ਪ੍ਰੈਜੀਡੈਂਟ ਐਨ ਕਲਾਰਕ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਐਸੋਸੀਏਸ਼ਨ ਨੂੰ ਸ਼ਿਕਾਇਤ ਮਿਲੀ ਸੀ। ਜਿਸ ਪਿੱਛੋਂ ਬਕਾਇਦਾ ਜਾਂਚ ਕੀਤੀ ਗਈ ਸੀ ਤੇ ਪਟੇਲ ਵੱਲੋਂ ਸ਼ੋਸ਼ਲ ਮੀਡੀਆ 'ਤੇ ਕੀਤੀ ਗਈ ਟਿੱਪਣੀ ਜੇਪੀ ਪੱਧਰ ਦੇ ਮਿਆਰ ਦੀ ਨਹੀਂ ਸੀ। ਉਸੇ ਅਧਾਰ 'ਤੇ ਪਟੇਲ ਦੀ ਮੈਂਬਰਸ਼ਿਪ ਖਾਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਰਾ ਮਾਮਲਾ ਐਸੋਸੀਏਸ਼ਨ ਦੀ ਨੈਸ਼ਨਲ ਬਾਡੀ ਤੱਕ ਪਹੁੰਚਾਅ ਦਿੱਤਾ ਗਿਆ ਹੈ, ਜੋ ਸਾਰਾ ਮਾਮਲਾ ਮਨਿਸਟਰੀ ਆਫ ਜਸਟਿਸ ਨਾਲ ਵਿਚਾਰੇਗੀ।
ਹਾਲਾਂਕਿ ਸ੍ਰੀ ਪਟੇਲ ਵੱਲੋਂ ਅਜੇ ਤੱਕ ਮੀਡੀਆ ਰਾਹੀਂ ਆਪਣਾ ਪੱਖ ਨਹੀਂ ਰੱਖਿਆ ਗਿਆ।
ਜ਼ਿਕਰਯੋਗ ਹੈ ਕਿ ਕਾਂਤੀਲਾਲ ਪਟੇਲ ਨੂੰ ਸਾਲ 2004 'ਚ ਕੁਵੀਨਜ ਸਰਵਿਸਜ ਮੈਡਲ ਅਤੇ 2005 'ਚ ਪ੍ਰਾਈਡ ਆਫ ਇੰਡੀਆ ਵਰਗੇ ਪੁਰਸਕਾਰਾਂ ਨਾਲ ਸਨਮਾਨਿਆ ਗਿਆ ਸੀ। ਉਹ ਆਕਲੈਂਡ ਇੰਡੀਅਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਵਲਿੰਗਟਨ ਇੰਡੀਅਨ ਐਸੋਸੀਏਸ਼ਨ ਦੇ ਅਸਿਸਟੈਂਟ ਸੈਕਟਰੀ ਰਹਿ ਚੁੱਕੇ ਹਨ।