ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਕਰਕੇ ਇੱਕਲੇ ਭਾਰਤ ਵਿੱਚ ਹੀ ਨਿਊਜੀਲੈਂਡ ਦੇ ਹਜਾਰਾਂ ਆਰਜੀ ਵੀਜਾ ਧਾਰਕ ਫਸੇ ਹੋਏ ਹਨ, ਜਿਨ੍ਹਾਂ ਨੂੰ ਹਰ ਵੇਲੇ ਉਡੀਕ ਹੈ ਕਿ ਕੱਦੋਂ ਨਿਊਜੀਲੈਂਡ ਸਰਕਾਰ ਉਨ੍ਹਾਂ ਨੂੰ ਇੱਥੇ ਵਾਪਿਸ ਬੁਲਾਏਗੀ। ਪਰ ਹੁਣ ਨਿਊਜੀਲੈਂਡ ਦੇ ਪੀ ਆਰ ਅਤੇ ਸਿਟੀਜਨਾਂ ਦੇ ਕੇਸ ਵੀ ਸਾਹਮਣੇ ਆਉਣ ਲੱਗ ਪਏ ਹਨ, ਜੋ ਮਜਬੂਰੀ ਵੱਸ ਭਾਰਤ ਵਿੱਚ ਕਈ ਮਹੀਨਿਆਂ ਤੋਂ ਫਸੇ ਹੋਏ ਹਨ ਅਤੇ ਨਿਊਜੀਲੈਂਡ ਸਰਕਾਰ ਨੂੰ ਜਲਦ ਤੋਂ ਜਲਦ ਉਡਾਣਾਂ ਭੇਜਣ ਦੀ ਬੇਨਤੀ ਕਰ ਰਹੇ ਹਨ।
ਸੰਜੇ ਰਾਜ ਅਜਿਹੇ ਹੀ ਲੋਕਾਂ ਵਿੱਚੋਂ ਇੱਕ ਹੈ, ਜਿਸਦੀ ਪਤਨੀ ਅਤੇ 6 ਮਹੀਨਿਆਂ ਦਾ ਪੁੱਤ ਪਿਛਲੇ 4 ਮਹੀਨਆਂ ਕੇਰਲ ਵਿੱਚ ਫਸੇ ਹੋਏ ਹਨ, ਭਾਂਵੇ 3 ਉਡਾਣਾ ਨਿਊਜੀਲ਼ੈਂਡ ਸਰਕਾਰ ਦੀ ਮੱਦਦ ਨਾਲ ਚਲਾਈਆਂ ਗਈਆਂ ਸਨ, ਪਰ ਇਹ ਉਡਾਣਾ ਮੁੰਬਈ ਅਤੇ ਦਿੱਲੀ ਤੋਂ ਚਲਾਈਆਂ ਗਈਆਂ ਸਨ, ਜੋ ਕੇਰਲ ਤੋਂ ਹਜਾਰਾਂ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹਨ ਅਤੇ ਲੌਕਡਾਊਨ ਦੇ ਵੇਲੇ ਨਾ ਤਾਂ ਰੇਲ ਗੱਡੀ ਅਤੇ ਨਾ ਹੀ ਕਾਰ ਦੂਜੇ ਸੂਬਿਆਂ ਤੱਕ ਪੁੱਜ ਸਕਦੀ ਸੀ, ਜਿਸ ਕਰਕੇ ਉਨ੍ਹਾਂ ਦਾ ਦਿੱਲੀ/ਮੁੰਬਈ ਪੁੱਜਣਾ ਔਖਾ ਸੀ।
ਸੰਜੇ ਅਨੁਸਾਰ ਦੱਖਣੀ ਭਾਰਤ ਵਿੱਚ ਨਿਊਜੀਲੈਂਡ ਦੇ ਸੈਂਕੜੇ ਸਿਟੀਜਨ ਅਤੇ ਪੀ ਆਰ ਧਾਰਕ ਫਸੇ ਹੋਏ ਹਨ ਅਤੇ ਇਨ੍ਹਾਂ ਨੂੰ ਵਾਪਿਸ ਬੁਲਾਉਣ ਲਈ ਘੱਟੋ-ਘੱਟ 2 ਉਡਾਣਾ ਜਰੂਰੀ ਹਨ, ਜੋ ਕਿ ਕੇਰਲ ਅਤੇ ਕੋਚੀਨ ਤੋਂ ਚਲਾਈਆਂ ਜਾਣ।
ਸੰਜੇ ਅਨੁਸਾਰ ਉਹ ਨਿਊਜੀਲ਼ੈਂਡ ਦੇ ਕਈ ਮੈਂਬਰ ਪਾਰਲੀਮੈਂਟਾਂ ਨੂੰ ਮਿਲ ਚੁੱਕਿਆ ਹੈ, ਪਰ ਅਜੇ ਤੱਕ ਉਸਦੀ ਅਤੇ ਉਸ ਜਿਹੇ ਹੋਰਾਂ ਦੀ ਮੱਦਦ ਲਈ ਕੋਈ ਵੀ ਅੱਗੇ ਨਹੀਂ ਆਇਆ ਹੈ।