ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ ਆਉਣ ਲਈ ਤਾਂਘ ਰਹੀ ਇੱਕ ਭਾਰਤੀ ਕੁੜੀ ਆਪਣੇ ਭਵਿੱਖ ਲਈ ਫਿਕਰਮੰਦ ਹੈ। ਜਿਸਨੂੰ ਇਮੀਗਰੇਸ਼ਨ ਨੇ ਨਿਊਜ਼ੀਲੈਂਡ ਆਉਣ ਦੀ ਆਗਿਆ ਨਹੀਂ ਦਿੱਤੀ, ਹਾਲਾਂਕਿ ਉਹ ਪੰਜ ਸਾਲ ਤੋਂ ਇੱਥੇ ਕੰਮ ਕਰ ਰਹੀ ਹੈ ਪਰ ਲੌਕਡਾਊਨ ਤੋਂ ਪਹਿਲਾਂ ਭਾਰਤ ਜਾਣ ਕਰਕੇ ਉੱਥੇ ਬੈਠਣ ਲਈ ਮਜ਼ਬੂਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ 37 ਸਾਲਾ ਕੁੜੀ ਜਯੋਤਸਨਾ ਅਪਰੇਸ਼ਨ ਸੁਪਰਵਾਈਜ਼ਰ ਵਜੋਂ ਵਰਕ ਵੀਜ਼ੇ 'ਤੇ ਕੰਮ ਕਰ ਰਹੀ ਹੈ, ਜੋ 2022 ਤੱਕ ਹੈ। ਇਸੇ ਅਧਾਰ 'ਤੇ ਉਸਨੇ ਰੈਜੀਡੈਂਟ ਵੀਜ਼ੇ ਲਈ 11 ਮਹੀਨੇ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ। ਪਰ ਵੀਜ਼ਾ ਅਫ਼ਸਰ ਅਲਾਟ ਨਹੀਂ ਹੋਇਆ ਸੀ। ਜਿਸ ਪਿੱਛੋਂ ਲੌਕਡਾਊਨ ਤੋਂ ਪਹਿਲਾਂ ਉਹ ਇੰਡੀਆ ਗਈ ਸੀ ਪਰ ਕੋਵਿਡ-19 ਕਾਰਨ ਸਰਹੱਦਾਂ ਸੀਲ ਕਰਕੇ ਉੱਥੇ ਹੀ ਰਹਿ ਗਈ। ਜਿਸ ਪਿੱਛੋਂ ਉਸਨੇ ਦੋ ਵਾਰ ਇਮੀਗਰੇਸ਼ਨ ਅੱਗੇ ਅਰਜ਼ੋਈ ਕੀਤੀ ਪਰ ਉਸਨੂੰ ਵਾਪਸ ਆਉਣ ਦੀ ਆਗਿਆ ਨਹੀਂ ਦਿੱਤੀ ਗਈ ਹਾਲਾਂਕਿ ਕਿ ਉਹ ਸਮਝਦੀ ਹੈ ਕਿ ਉਸਦਾ ਕੰਮ ਈਸ਼ੈਂਸ਼ਲ ਵਰਕ ਕੈਟਾਗਿਰੀ 'ਚ ਆਉਂਦਾ ਹੈ। ਉਸਨੂੰ ਫ਼ਿਕਰ ਲੱਗਾ ਹੋਇਆ ਹੈ ਕਿ ਲੌਕਡਾਊਨ ਖ਼ਤਮ ਤੋਂ ਬਾਅਦ ਵੀ ਜੇ ਉਸਨੂੰ ਵਾਪਸ ਨਿਊਜ਼ੀਲੈਂਡ ਨਾ ਆਉਣ ਦਿੱਤਾ ਗਿਆ ਤਾਂ ਉਸਦੀ ਨੌਕਰੀ ਖੁੱਸ ਜਾਵੇਗੀ ਅਤੇ ਪੀਆਰ ਵਾਲੀ ਐਪਲੀਕੇਸ਼ਨ ਵੀ ਖਾਰਜ ਹੋ ਜਾਵੇਗੀ।