ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮਾਉਂਟ ਈਡਨ ਰੋਡ 'ਤੇ ਸਥਿਤ 'ਸਰਕਸ ਸਰਕਸ' ਕੈਫੇ ਦੀ ਆਪਣੇ ਕਰਮਚਾਰੀਆਂ ਨੂੰ ਸਿਰਫ ਇੰਗਲਿਸ਼ ਵਿੱਚ ਗੱਲ ਕਰਨ ਦੇ ਹੁਕਮ ਦੀ ਕਾਫੀ ਨਿਖੇਧੀ ਹੋ ਰਹੀ ਹੈ।ਦਰਅਸਲ ਕੈਫੇ ਵਿੱਚ ਆਏ ਇੱਕ ਗ੍ਰਾਹਕ ਨੇ ਕੈਫੇ ਵਿੱਚ ਲੱਗੇ ਨੋਟਿਸ ਦੀ ਤਸਵੀਰ ਖਿੱਚ ਆਨਲਾਈਨ ਪਾਈ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾ ਗਿਆ, ਨੋਟਿਸ 'ਤੇ ਕਰਮਚਾਰੀਆਂ ਨੂੰ ਸਿਰਫ ਇੰਗਲਿਸ਼ ਵਿੱਚ ਗੱਲ ਕਰਨ ਬਾਰੇ ਲਿਖਿਆ ਹੋਇਆ ਸੀ। ਗ੍ਰਾਹਕ ਅਨੁਸਾਰ ਕੈਫੇ ਵਿੱਚ ਵੱਖੋ-ਵੱਖ ਦੇਸ਼ਾਂ ਦੇ ਕਰਮਚਾਰੀ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਬੋਲੀ ਵਿੱਚ ਗੱਲ ਕਰਨ ਦਾ ਪੂਰਾ ਹੱਕ ਹੈ।
ਨਿਊਜੀਲੈਂਡ ਵਾਸੀਆਂ ਨੇ ਆਨਲਾਈਨ ਵੀ ਵੱਡੀ ਗਿਣਤੀ ਵਿੱਚ ਇਸ ਨੂੰ ਗਲਤ ਕਰਾਰ ਦਿੱਤਾ ਹੈ ਤੇ ਰੈਸਟੋਰੈਂਟ ਖਿਲਾਫ ਵੱਖੋ-ਵੱਖ ਬਿਆਨਬਾਜੀਆਂ ਕੀਤੀਆ ਹਨ, ਕਈਆਂ ਨੇ ਤਾਂ ਰੈਸਟੋਰੈਂਟ ਵਿੱਚ ਦੁਬਾਰਾ ਨਾ ਆਉਣ ਦੀ ਗੱਲ ਵੀ ਆਖੀ ਹੈ।
ਦੂਜੇ ਪਾਸੇ ਰੈਸਟੋਰੈਂਟ ਮੈਨੇਜਰ ਦਾ ਕਹਿਣਾ ਹੈ ਕਿ ਇਹ ਆਦੇਸ਼ ਸਿਰਫ ਇਸ ਲਈ ਲਾਗੂ ਕੀਤਾ ਗਿਆ ਹੈ ਤਾਂ ਜੋ ਕਰਮਚਾਰੀਆਂ ਵਿੱਚ ਆਪਸੀ ਸੰਪਰਕ ਸੁਖਾਲਾ ਹੋ ਸਕੇ, ਪਰ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿਖਾਈ ਹੈ ਅਤੇ ਇਹ ਕਿਹਾ ਹੈ ਕਿ ਹਰ ਕਿਸੇ ਨੂੰ ਆਪਣੀ ਬੋਲੀ ਵਿੱਚ ਗੱਲ ਕਰਨ ਦਾ ਹੱਕ ਹੈ, ਭਾਂਵੇ ਉਹ ਕੰਮ 'ਤੇ ਕਿਉਂ ਨਾ ਹੋਏ।