ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਵਿੱਚ ਇਸ ਵੇਲੇ 1800 ਦੇ ਲਗਭਗ ਨਿਊਜੀਲੈਂਡ ਸਿਟੀਜਨ ਤੇ ਪੱਕੇ ਰਿਹਾਇਸ਼ੀ ਫਸੇ ਹੋਏ ਹਨ, ਜਿਨ੍ਹਾਂ ਦੇ ਵਾਪਿਸ ਆਉਣ ਬਾਰੇ ਅਜੇ ਕੋਈ ਸੁਰ ਪਤਾ ਨਹੀਂ। ਪਰ ਨਿਊਜੀਲੈਂਡ ਸਰਕਾਰ ਤਾਂ ਉਨ੍ਹਾਂ ਬਾਰੇ ਵੀ ਕੋਈ ਫੈਸਲਾ ਨਹੀਂ ਲੈ ਰਹੀ, ਜੋ ਆਪਣੇ ਲਈ ਚਾਰਟਰਡ ਜਹਾਜ ਕਿਰਾਏ 'ਤੇ ਲੈਕੇ ਉਲਾਂ ਤੱਕ ਰਹੇ ਹਨ।
ਇਨ੍ਹਾਂ ਵਿੱਚੋਂ ਇੱਕ ਰਿੱਕੀ ਸਿੰਘ ਨੇ ਦੱਸਿਆ ਕਿ ਉਹ 13 ਸਾਲਾਂ ਤੋਂ ਨਿਊਜੀਲੈਂਡ ਰਹਿ ਰਹੇ ਹਨ ਤੇ ਉਨ੍ਹਾਂ ਨੂੰ ਪਿਛਲੇ 6 ਸਾਲਾਂ ਤੋਂ ਨਿਊਜੀਲੈਂਡ ਦੀ ਪੀ ਆਰ ਹਾਸਿਲ ਹੈ। ਫੂਡ ਡਿਲੀਵਰੀ ਦਾ ਉਨ੍ਹਾਂ ਦਾ ਕਾਰੋਬਾਰ ਹੈ ਤੇ ਜੇ ਉਹ ਅਗਲੇ 2 ਕੁ ਹਫਤਿਆਂ ਵਿੱਚ ਨਿਊਜੀਲੈਂਡ ਨਾ ਪਰਤੇ ਤਾਂ ਉਨ੍ਹਾਂ ਨੂੰ ਦੀਵਾਲੀਆ ਹੋਣਾ ਪੈ ਜਾਏਗਾ।
ਰਿੱਕੀ ਤੇ ਉਨ੍ਹਾਂ ਜਿਹੇ 500 ਲੋਕਾਂ ਨੇ ਰੱਲ ਕੇ ਸਿੰਘਾਪੁਰ ਏਅਰਲਾਈਨਜ ਦਾ ਜਹਾਜ ਕਿਰਾਏ 'ਤੇ ਲਿਆ ਹੈ। ਇਸ ਬਾਰੇ ਉਹ ਮਨਿਸਟਰੀ ਆਫ ਫੋਰਨ ਅਫੈਅਰ ਐਂਡ ਟਰੈਡ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਦਫਤਰ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਨਿਊਜੀਲੈਂਡ ਆਉਣ ਦੀ ਹਰੀ ਝੰਡੀ ਮਿਲ ਜਾਏ, ਪਰ ਅਫਸੋਸ ਕਿ ਅਜੇ ਤੱਕ ਉਨ੍ਹਾਂ ਨੂੰ ਕਿਸੇ ਕੋਲੋਂ ਵੀ ਜੁਆਬ ਨਹੀਂ ਆਇਆ ਹੈ।
ਰਿੱਕੀ ਦਾ ਕਹਿਣਾ ਹੈ ਉਨ੍ਹਾਂ ਦੀ ਜਹਾਜ ਕਿਰਾਏ 'ਤੇ ਲੈਣ ਵਿੱਚ ਮੱਦਦ ਕਰਨ ਵਾਲੇ ਆਸਟ੍ਰੇਲੀਆ ਦੇ ਵਿਸ਼ਾਲ ਸਰਦਾਨਾ ਤੇ ਅਰੁਣ ਸ਼ਰਮਾ ਵੀ ਨਿਊਜੀਲੈਂਡ ਸਰਕਾਰ ਦੇ ਇਸ ਰੱਵਈਏ ਤੋਂ ਹੈਰਾਨ ਹਨ, ਕਿਉਂਕਿ ਜੱਦ ਮਈ ਵਿੱਚ ਉਨ੍ਹਾਂ ਨੇ ਅਜਿਹੀ ਹੀ ਇੱਕ ਉਡਾਣ ਆਸਟ੍ਰੇਲੀਆ ਲਈ ਕਿਰਾਏ 'ਤੇ ਲਈ ਸੀ ਤਾਂ ਉੱਥੋਂ ਦੀ ਸਰਕਾਰ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਸੀ। ਪਰ ਨਿਊਜੀਲੈਂਡ ਸਰਕਾਰ ਵਲੋਂ ਇਸ ਸਬੰਧੀ ਕੁਝ ਨਾ ਕੀਤੇ ਜਾਣਾ ਸੱਚਮੁੱਚ ਹੈਰਾਨੀਜਣਕ ਹੈ।