ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਭਾਰਤ ਤੋਂ ਸੈਂਕੜੇ ਨਿਊਜੀਲੈਂਡ ਵਾਸੀ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਂਹੀ ਆਪਣੇ ਘਰ ਨਿਊਜੀਲੈਂਡ ਪੁੱਜੇ, ਨਿਊਜੀਲੈਂਡ ਪੁੱਜਣ ਵਾਲੇ ਸਾਰੇ ਹੀ ਯਾਤਰੀ ਮਹੀਨਿਆਂ ਬਾਅਦ ਆਪਣੇ ਘਰ ਪਰਤੇ ਹਨ, ਕਾਰਨ ਸੀ ਕੋਰੋਨਾ ਮਹਾਂਮਾਰੀ ਕਰਕੇ ਬੰਦ ਹੋਏ ਬਾਰਡਰ ਅਤੇ ਲੋਕਡਾਊਨ ਦੀਆਂ ਪ੍ਰਸਥਿਤੀਆਂ। ਇਨ੍ਹਾਂ ਪ੍ਰਸਥਿਤੀਆਂ ਨੇ ਆਪਣੇ ਘਰੋਂ ਦੂਰ ਰਹਿਣ ਵਾਲੇ ਇਨ੍ਹਾਂ ਯਾਤਰੀਆਂ ਨੂੰ ਇਨ੍ਹਾਂ ਜਿਆਦਾ ਮਾਨਸਿਕ ਤਣਾਅ ਦਿੱਤਾ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਯਾਤਰੀ ਦੇਵ ਭਾਰਦਵਾਜ ਜੋ ਕਿ ਇਨ੍ਹਾਂ ਸੈਂਕੜੇ ਯਾਤਰੀਆਂ ਨਾਲ ਨਿਊਜੀਲੈਂਡ ਪੁੱਜਾ ਹੈ, ਉਸਦਾ ਕਹਿਣਾ ਹੈ ਕਿ ਉਹ ਜਨਵਰੀ ਵਿੱਚ ਇੱਕ ਮਹੀਨੇ ਲਈ ਆਪਣੇ ਪਿਤਾ ਨੂੰ ਮਿਲਣ ਭਾਰਤ ਗਿਆ ਸੀ, ਪਰ ਲੌਕਡਾਊਨ ਕਰਕੇ ਉਹ ਉੱਥੇ ਹੀ ਫੱਸ ਗਿਆ ਤੇ 4 ਮਹੀਨਿਆਂ ਦੇ ਲੰਬੇ ਸਮੇਂ ਬਾਅਦ ਜੱਦ ਉਸਨੇ ਬੀਤੇ ਦਿਨੀਂ ਆਕਲੈਂਡ ਏਅਰਪੋਰਟ 'ਤੇ ਪੈਰ ਧਰਿਆ ਤਾਂ ਉਨ੍ਹਾਂ ਦੇ ਸੁਆਗਤ ਵਿੱਚ ਏਅਰਪੋਰਟ ਅਧਿਕਾਰੀਆਂ ਦੇ ਸਿਰਫ ਦੋ ਲਫਜ 'ਵੈਲਕਮ ਹੋਮ' ਨੇ ਹੀ ਉਸ ਦੇ 4 ਮਹੀਨਿਆਂ ਦੇ ਕਲਪਾਅ ਨੂੰ ਖਤਮ ਕਰ ਦਿੱਤਾ। ਉਸਨੇ ਦੱਸਿਆ ਕਿ ਏਅਰਪੋਰਟ 'ਤੇ ਮਿਲੇ ਹਰ ਅਧਿਕਾਰੀ ਨੇ ਸਾਰੇ ਹੀ ਯਾਤਰੀਆਂ ਨੂੰ 'ਵੈਲਕਮ ਹੋਮ' ਨਾਲ ਸੰਬੋਧਨ ਕੀਤਾ ਤੇ ਇਸ ਭਾਵਨਾ ਦਾ ਅਹਿਸਾਸ ਸ਼ਾਇਦ ਇਨ੍ਹਾਂ ਯਾਤਰੀਆਂ ਤੋਂ ਇਲਾਵਾ ਕੋਈ ਨੀ ਕਰ ਸਕਦਾ।
ਹੁਣ ਇਹ ਸਾਰੇ ਯਾਤਰੀ 14 ਦਿਨ ਲਈ ਆਈਸੋਲੇਸ਼ਨ ਕਰਨਗੇ। ਦੱਸਦੀਏ ਕਿ ਵੰਦੇ ਭਾਰਤ ਮਿਸ਼ਨ ਤਹਿਤ ਅਜੇ 5 ਹੋਰ ਫਲਾਈਟਾਂ ਭਾਰਤ ਤੋਂ ਨਿਊਜੀਲੈਂਡ ਆਉਣੀਆਂ ਬਾਕੀ ਹਨ।