ਆਕਲੈਂਡ (ਹਰਪ੍ਰੀਤ ਸਿੰਘ) - ਸਰਕਾਰ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਬੰਦ ਪਏ ਨਿਊਜੀਲੈਂਡ ਬਾਰਡਰਾਂ ਦੀਆ ਸਖਤਾਈਆਂ ਵਿੱਚ ਥੋੜੀ ਢਿੱਲ ਦਿੱਤੀ ਹੈ ਤੇ ਹੁਣ ਸਿਟੀਜਨ ਤੇ ਪੀਆਰ ਧਾਰਕਾਂ ਦੇ ਪਾਰਟਨਰਾਂ ਤੇ ਡਿਪੈਂਡੇਂਟ ਫੈਮਿਲੀ ਮੈਂਬਰਾਂ ਨੂੰ ਨਿਊਜੀਲੈਂਡ ਵਾਪਿਸ ਆਉਣ ਲਈ ਸਿਟੀਜਨ ਤੇ ਪੀਆਰ ਧਾਰਕਾਂ ਨੂੰ ਉਨ੍ਹਾਂ ਦੇ ਨਾਲ ਹੋਣ ਦੀ ਲੋੜ ਖਤਮ ਕਰ ਦਿੱਤੀ ਗਈ ਹੈ ਤੇ ਇਸਦੇ ਨਾਲ ਹੀ ਅਸੈਂਸ਼ਲ ਵਰਕਰਾਂ ਲਈ ਸ਼ਾਰਟ-ਟਰਮ ਤੇ ਲੌਂਗ-ਟਰਮ ਵੱਖੋ-ਵੱਖ ਨਵੇਂ ਲੋੜੀਂਦੇ ਨਿਯਮ ਐਲਾਨੇ ਜਾਣ ਦੀ ਗੱਲ ਆਖੀ ਹੈ।
ਦੱਸਦੀਏ ਕਿ ਇਨ੍ਹਾਂ ਬਦਲਾਵਾਂ ਸਦਕਾ 36ਵੇਂ ਅਮਰੀਕਾ ਕੱਪ ਲਈ 2 ਸਿੰਡੀਕੇਟ ਟੀਮਾਂ ਦੇ ਮੈਂਬਰਾਂ ਨੂੰ ਨਿਊਜੀਲੈਂਡ ਆਉਣ ਦੀ ਇਜਾਜਤ ਦਿੱਤੀ ਜਾਏਗੀ।
ਇਕਨਾਮਿਕ ਡਵੇਲਪਮੈਂਟ ਮਨਿਸਟਰ ਫਿੱਲ ਟਵਾਈਫੋਰਡ ਨੇ ਦੱਸਿਆ ਕਿ ਦ ਯੂ ਐਸ ਚੈਲੈਂਜਰ, ਟੀਮ ਅਮਰੀਕਨ ਮੈਜਿਕ ਦੇ ਆਉਣ ਨਾਲ 102 ਕਰਮਚਾਰੀ ਤੇ 104 ਪਰਿਵਾਰਿਕ ਮੈਂਬਰ ਨਿਊਜੀਲੈਂਡ ਆ ਸਕਣਗੇ। ਇਸ ਤੋਂ ਇਲਾਵਾ ਆਈਨਿਓਸ ਟੀਮ ਯੂਕੇ ਦੇ ਨਾਲ 86 ਕਰਮਚਾਰੀ ਤੇ 128 ਪਰਿਵਾਰਿਕ ਮੈਂਬਰ ਤੇ ਇੱਕ ਨੈਨੀ ਆਉਣਗੇ। ਇਹ ਸਿੰਡੀਕੇਟ 10 ਮਹੀਨੇ ਲਈ ਨਿਊਜੀਲੈਂਡ ਰਹਿਣਗੇ।
ਦੱਸਦੀਏ ਕਿ ਇਨ੍ਹਾਂ ਨਰਮਾਈਆਂ ਤੋਂ ਬਗੈਰ ਅਮਰੀਕਾ ਕੱਪ ਦਾ ਨਿਊਜੀਲੈਂਡ ਵਿੱਚ ਹੋਣਾ ਸੰਭਵ ਨਹੀਂ ਸੀ ਤੇ ਇਸ ਲਈ ਸਰਕਾਰ ਤੇ ਆਕਲੈਂਡ ਕਾਉਂਸਲ ਨੇ ਕਾਫੀ ਪੈਸਾ ਵੀ ਖਰਚਿਆ ਸੀ।
ਇਨ੍ਹਾਂ ਨਰਮਾਈਆਂ ਕਰਕੇ ਜੋ ਵਿਸ਼ੇਸ਼ ਮੁਹਾਰਤ ਹਾਸਿਲ ਕਰਮਚਾਰੀ ਨਿਊਜੀਲੈਂਡ ਆਉਣਗੇ ਉਨ੍ਹਾਂ ਨੂੰ ਸ਼ਾਰਟ ਟਰਮ (6 ਮਹੀਨਿਆਂ ਤੋਂ ਘੱਟ) ਤੇ ਲਾਂਗ ਟਰਮ (6 ਮਹੀਨਿਆਂ ਤੋਂ ਵੱਧ) ਦੇ ਆਧਾਰ 'ਤੇ ਵੀਜਾ ਦਿੱਤਾ ਜਾਏਗਾ।