ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) - ਨਿਊਜ਼ੀਲੈਂਡ ਦੇ ਇਮੀਗਰੇਸ਼ਨ ਮਨਿਸਟਰ ਨੇ ਈਐਨ ਲੀਸ-ਗੈਲੋਵੇਅ ਨੇ ਭਾਵੇਂ ਦੇਸ਼ ਦੇ ਬਾਰਡਰ ਖੋਲ੍ਹਣ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਆਉਣ ਬਾਰੇ ਭਾਵੇਂ ਕੋਈ ਖੁਲਾਸਾ ਨਹੀਂ ਕੀਤਾ ਪਰ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਨਵੇਂ ਵੀਜ਼ਾ ਦਿੱਤੇ ਜਾਣ ਤੋਂ ਪਹਿਲਾਂ ਮਾਰਕੀਟ ਲੇਬਰ ਟੈਸਟ ਜ਼ਰੂਰ ਹੋਵੇਗਾ। ਜਿਸ ਰਾਹੀਂ ਉਨ੍ਹਾਂ ਸੰਕੇਤ ਦਿੱਤਾ ਹੈ ਕਿ ਕਈਆਂ ਨੂੰ ਨਵੇਂ ਵੀਜ਼ੇ ਜਾਰੀ ਹੋਣ ਤੋਂ ਜਵਾਬ ਮਿਲ ਸਕਦਾ ਹੈ।
ਐੱਨਜ਼ੈੱਡ ਪੰਜਾਬੀ ਨਿਊਜ਼ ਨਾਲ ਟੈਲੀਫ਼ੋਨ 'ਤੇ ਵਿਸ਼ੇਸ਼ ਗੱਲਬਾਤ ਦੌਰਾਨ ਮਨਿਸਟਰ ਕਿਹਾ ਕਿ ਬਾਹਰ ਬੈਠੇ ਕੁੱਝ ਲੋਕ ਆਪਣੇ ਭਵਿੱਖ ਪ੍ਰਤੀ ਵੀ ਚਿੰਤਤ ਹੋਣਗੇ। ਪਰ ਇਹ ਗੱਲ ਬਿਲਕੁਲ ਨਹੀਂ ਹੈ ਕਿ ਸਰਕਾਰ ਵਰਕ ਵੀਜ਼ਾ ਧਾਰਕਾਂ ਲਈ ਕੰਮ ਦੇ ਮੌਕੇ ਘੱਟ ਕਰਨਾ ਚਾਹੁੰਦਾ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਜਦੋਂ ਵੀ ਨਵੇਂ ਵੀਜ਼ੇ ਲਈ ਅਰਜ਼ੀ ਦਿੱਤੀ ਜਾਵੇਗੀ ਤਾਂ ਉਸ ਸਮੇਂ ਲੇਬਰ ਟੈਸਟ ਹੋਵੇਗਾ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਦੀ ਲੇਬਰ ਮਾਰਕੀਟ ਬਦਲ ਰਹੀ ਹੈ ਜਿਸ ਨਾਲ ਸੰਭਵ ਹੈ ਕਿ ਕੁੱਝ ਲੋਕਾਂ ਦਾ ਵੀਜ਼ਾ ਰੀਵਿਊ ਨਾ ਹੋ ਸਕੇ ਕਿਉਂਕਿ ਸਬੰਧਤ ਜੌਬ ਲਈ ਨਿਊਜ਼ੀਲੈਂਡਰ ਉਪਲੱਬਧ ਹੋਵੇਗਾ।
ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ 'ਤੇ ਗੌਰ ਕਰਨ ਸਬੰਧੀ ਪੁੱਛੇ ਗਏ ਟਾਈਮ ਫਰੇਮ ਬਾਰੇ ਉਨ੍ਹਾਂ ਕਿਹਾ ਕਿ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨਾਲ ਸਬੰਧਤ ਸਭ ਤੋਂ ਵੱਡੀ ਚੁਣੌਤੀ ਕੁਵੌਰਨਟੀਨ ਦੀ ਹੈ। ਇਸ ਦਿਸ਼ਾ 'ਚ ਐਜ਼ੂਕੇਸ਼ਨ ਮਸਿਟਰ ਕੰਮ ਕਰ ਰਹੇ ਹਨ ਤਾਂ ਜੋ ਕੋਈ ਅਜਿਹਾ ਹੱਲ ਕੱਢਿਆ ਜਾ ਸਕੇ। ਜਿਸ ਨਾਲ ਨਿਊਜ਼ੀਲੈਂਡ 'ਚ ਰਹਿ ਰਹੇ ਲੋਕ ਵੀ ਸੁਰੱਖਿਅਤ ਰਹਿ ਸਕਣ ਅਤੇ ਬਾਹਰੋਂ ਵਿਦਿਆਰਥੀ ਵੀ ਆ ਸਕਣ। ਜਦੋਂ ਅਜਿਹਾ ਪ੍ਰਬੰਧ ਹੋ ਗਿਆ ਤਾਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ੇ ਜ਼ਾਰੀ ਕਰਨੇ ਸ਼ੁਰੂ ਕਰ ਦਿੱਤੇ ਜਾਣਗੇ।
ਨਿਊਜ਼ੀਲੈਂਡ ਤੋਂ ਬਾਹਰ ਰਹਿਣ ਵਾਲੇ ਲੋਕਾਂ ਦੇ ਵੀਜ਼ੇ ਦੀ ਮਿਆਦ 'ਚ ਵਾਧਾ ਨਾ ਕੀਤੇ ਜਾਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਵੀ ਉਨ੍ਹਾਂ ਕੁਵੌਰਨਟੀਨ ਨੂੰ ਮੁੱਖ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ 'ਚ ਹਰ ਰੋਜ਼ ਸਿਰਫ਼ 250 ਲੋਕਾਂ ਨੂੰ ਹੀ ਕੁਵੌਰਨਟੀਨ ਕਰਨ ਦੀ ਸਮਰੱਥਾ ਹੈ, ਜਿਸ ਕਰਕੇ ਅਜਿਹੇ ਪ੍ਰਬੰਧ ਵਾਲੀਆਂ ਥਾਵਾਂ ਨਿਊਜ਼ੀਲੈਂਡ ਦੇ ਲੋਕਾਂ ਨਾਲ ਹੀ ਭਰ ਜਾਂਦੀਆਂ ਹਨ, ਜੋ ਅਜੇ ਵੀ ਵਿਦੇਸ਼ਾਂ ਚੋਂ ਵਾਪਸ ਆ ਰਹੇ ਹਨ।
ਵਿਦੇਸ਼ਾਂ 'ਚ ਫਸੇ ਟੈਂਪਰੇਰੀ ਵੀਜ਼ੇ ਵਾਲੇ ਲੋਕਾਂ ਦੇ ਵਾਪਸ ਆਉਣ ਬਾਰੇ ਉਨ੍ਹਾਂ ਕਿਹਾ ਕਿ ਕਈ ਗੱਲਾਂ ਵਿਚਾਰਨ ਵਾਲੀਆਂ ਹਨ। ਜਿਨ੍ਹਾਂ ਚੋਂ ਕੁਵੌਰਨਟੀਨ ਦੀ ਸਮਰੱਥਾ ਵਧਾਉਣ ਅਤੇ ਹੋਰ ਨੁਕਤਿਆਂ ਬਾਰੇ ਵਿਚਾਰਨਾ ਹੈ। ਪਰ ਫਿਰ ਵੀ ਕੁਵੌਰਨਟੀਨ ਦੀ ਸਮਰੱਥਾ ਕਿੰਨੀ ਵੀ ਹੋਵੇ, ਸਾਰੇ ਹੀ ਵੀਜ਼ਾ ਧਾਰਕਾਂ ਨੂੰ ਇੱਕ-ਵਾਰ ਵਾਪਸ ਨਹੀਂ ਬੁਲਾਇਆ ਜਾ ਸਕਦਾ। ਜਿਸ ਲਈ ਨਵੀਂ ਨੀਤੀ ਘੜਨੀ ਪੈਣੀ ਹੈ, ਜਿਸ ਤਹਿਤ ਇਹ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੋਵੇਗਾ ਕਿਹੜੇ ਵੀਜ਼ਾ ਧਾਰਕਾਂ ਨੂੰ ਪਹਿਲਾਂ ਤੇ ਕਿਹੜਿਆਂ ਨੂੰ ਬਾਅਦ 'ਚ ਬੁਲਾਇਆ ਜਾਵੇ। ਕਿਹੜੇ-ਕਿਹੜੇ ਵਾਪਸ ਆਉਣ ਦੇ ਯੋਗ ਹਨ, ਉਸਦੇ ਲਈ ਕਿਹੜੇ ਮਾਪ-ਦੰਡ ਹੋਣੇ ਚਾਹੀਦੇ ਹਨ। ਉਹ ਲੌਕਡਾਊਨ ਤੋਂ ਪਹਿਲਾਂ ਕਿੰਨਾ ਚਿਰ ਇੱਥੇ ਰਹਿੰਦੇ ਆ ਰਹੇ ਸਨ, ਕਿਹੜਾ ਕੰਮ ਕਰਦੇ ਸਨ। ਕੀ ਉਨ੍ਹਾਂ ਕੋਲ ਹੁਣ ਜੌਬ ਹੈ ਕਿ ਨਹੀਂ। ਕੀ ਉਨ੍ਹਾਂ ਦੇ ਬੱਚੇ ਹਨ, ਜਿਨ੍ਹਾਂ ਨੇ ਸਕੂਲ ਪੜ੍ਹਨ ਜਾਣਾ ਹੈ। ਅਜਿਹੀਆਂ ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਹਨ। ਜਿਸ ਪਿੱਛੋਂ ਹੀ ਉਨ੍ਹਾਂ ਦੀ ਵਾਪਸੀ ਹੋ ਸਕਦੀ ਹੈ। ਪਰ ਇਸ ਲਈ ਅਜੇ ਕਿੰਨਾ ਸਮਾਂ ਲੱਗੇਗਾ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਬਹੁਤ ਔਖਾ ਵੇਲਾ ਹੈ।