ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਮੈਸੀ ਦੇ ਰੀਨੈਲਾ ਡਰਾਈਵ 'ਤੇ ਸਵੇਰੇ 10.30 ਵਜੇ ਬਹੁਤ ਮਾੜੀ ਘਟਨਾ ਵਾਪਰੀ, ਇਸ ਘਟਨਾ ਵਿੱਚ ਡਿਊਟੀ 'ਤੇ ਰੂਟੀਨ ਚੈਕ-ਅਪ ਕਰਦੇ ਦੋ ਪੁਲਿਸ ਅਧਿਕਾਰੀਆਂ ਨੂੰ ਗੋਲੀ ਮਾਰ ਦਿੱਤੀ ਗਈ, ਜਿਨ੍ਹਾਂ ਵਿੱਚੋਂ ਇੱਕ ਦੀ ਹਸਪਤਾਲ ਵਿੱਚ ਮੌਤ ਹੋ ਗਈ ਤੇ ਦੂਜੇ ਦੀ ਹਾਲਤ ਅਜੇ ਵੀ ਗੰਭੀਰ ਹੈ। ਦੋਨੋਂ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਨਿਹੱਥੇ ਸਨ। ਦੱਸਦੀਏ ਕਿ ਨਿਊਜੀਲੈਂਡ ਪੁਲਿਸ ਦੇ ਪਿਛਲੇ 130 ਸਾਲਾਂ ਦੇ ਇਤਿਹਾਸ ਵਿੱਚ ਅਜਿਹੀਆਂ 33 ਘਟਨਾਵਾਂ ਵਾਪਰੀ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਬੇਦੋਸ਼ੇ ਪੁਲਿਸ ਕਰਮਚਾਰੀਆਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਅੱਜ ਦੀ ਘਟਨਾ ਤੋਂ ਪਹਿਲਾਂ 14 ਮਈ 2009 ਨੂੰ ਨੈਪੀਅਰ ਵਿੱਚ ਇੱਕ ਨਸ਼ਾ ਤਸਕਰੀ ਸਬੰਧੀ ਕੀਤੀ ਰੈਡ ਵਿੱਚ ਸੀਨੀਅਰ ਕਾਂਸਟੇਬਲ ਲੈਨ ਸਨੀ ਦੀ ਗੋਲੀ ਵੱਜਣ ਨਾਲ ਮੌਤ ਹੋ ਗਈ ਸੀ ਅਤੇ ਨਿਊਜੀਲੈਂਡ ਪੁਲਿਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪੁਲਿਸ ਵਾਲੇ ਦੇ ਮਾਰੇ ਜਾਣ ਦੀ ਘਟਨਾ 30 ਜੁਲਾਈ 1890 ਨੂੰ ਵਾਪਰੀ ਸੀ।