ਆਕਲੈਂਡ (ਹਰਪ੍ਰੀਤ ਸਿੰਘ) - ਮੈਟ ਸਰਵਿਸ ਵਲੋਂ ਨਿਊਜੀਲੈਂਡ ਦੇ ਕਈ ਇਲਾਕਿਆਂ ਲਈ ਅੱਜ ਅਤੇ ਕੱਲ ਲਈ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ, ਕੋਰੋਮੰਡਲ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਤਾਂ 100 ਐਮ ਐਮ ਤੋਂ 150 ਐਮ ਐਮ ਤੱਕ ਬਾਰਿਸ਼ ਹੋਣ ਦੀ ਗੱਲ ਆਖੀ ਜਾ ਰਹੀ ਹੈ, ਜਿਸ ਕਰਕੇ ਨਦੀਆਂ ਦਾ ਪੱਧਰ ਵੱਧਣ, ਢਿੱਗਾਂ ਡਿੱਗਣ ਜਿਹੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ, ਪਰ ਇਸ ਸਭ ਦੇ ਨਾਲ ਆਕਲੈਂਡ ਲਈ ਚੰਗੀ ਖਬਰ ਇਹ ਹੈ ਕਿ ਆਕਲੈਂਡ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਹੈ ਅਤੇ ਇਸ ਕਰਕੇ ਡੈਮ ਦੇ ਪਾਣੀ ਦਾ ਪੱਧਰ ਜੋ ਕਿ ਇਸ ਵੇਲੇ 44.8% ਹੈ, ਉਸ ਵਿੱਚ ਇਸ ਬਾਰਿਸ਼ ਸਦਕਾ ਵਾਧਾ ਹੋਏਗਾ। ਦੱਸਦੀਏ ਕਿ ਆਮ ਤੌਰ 'ਤੇ ਇਨ੍ਹਾਂ ਦਿਨਾਂ ਵਿੱਚ ਡੈਮ ਵਿੱਚ ਪਾਣੀ ਦਾ ਪੱਧਰ 78% ਹੁੰਦਾ ਹੈ, ਪਰ ਇਸ ਵਾਰ ਬਾਰਿਸ਼ ਸਹੀ ਮਿਕਦਾਰ ਵਿੱਚ ਨਾ ਹੋਣ ਕਰਕੇ ਪਾਣੀ ਦਾ ਪੱਧਰ ਕਾਫੀ ਘਟਿਆ ਹੋਇਆ ਹੈ ਤੇ ਇਸੇ ਕਰਕੇ ਕਾਉਂਸਲ ਨੂੰ ਪੀਣ ਦੇ ਪਾਣੀ ਸਬੰਧੀ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।