Tuesday, 27 February 2024
01 July 2020 New Zealand

ਪੰਜਾਬੀ ਮੁੰਡਿਆਂ ਨੇ ਕੈਟੀ ਕੈਟੀ 'ਚ ਭੰਨੇ ਤਕਰੀਬਨ ਅੱਧੀ ਦਰਜਨ ਘਰ

ਪੰਜਾਬੀ ਮੁੰਡਿਆਂ ਨੇ ਕੈਟੀ ਕੈਟੀ 'ਚ ਭੰਨੇ ਤਕਰੀਬਨ ਅੱਧੀ ਦਰਜਨ ਘਰ - NZ Punjabi News

ਆਕਲੈਂਡ (ਐਨ ਜ਼ੈਡ ਪੰਜਾਬੀ ਨਿਊਜ਼ ਸਰਵਿਸ ) ਜਿੱਥੇ ਦੁਨੀਆਂ ਭਰ 'ਚ ਪੰਜਾਬੀ ਆਪਣੇ ਗੌਰਵਮਈ ਵਿਰਸੇ ਦੇ ਨਾਲ ਨਾਲ ਸਮੁਚੇ ਭਾਈਚਾਰੇ ਦਾ ਸਿਰ ਮਾਣ ਨਾਲ ਉਚਾ ਕਰ ਰਹੇ ਹਨ | ਉੱਥੇ ਹੀ ਕੁਝ ਅਜਿਹੇ ਵੀ ਹੁੰਦੇ ਹਨ ਜੋ ਆਪਣੀਆਂ ਕਰਤੂਤਾਂ ਦੇ ਨਾਲ ਭਾਈਚਾਰੇ ਨੂੰ ਸ਼ਰਮਸਾਰ ਵੀ ਕਰ ਦਿੰਦੇ ਹਨ | ਅਜੇਹੀ ਹੀ ਇੱਕ ਘਟਨਾ ਬੀਤੀ ਰਾਤ ਬੇ ਆਫ ਪਲੈਂਟੀ ਦੇ ਸ਼ਹਿਰ ਕੈਟੀ ਕੈਟੀ ਵਿਖੇ ਘਟੀ | ਜਦੋਂ ਸ਼ਾਮ ਦੇ ਸਾਢੇ ਅੱਠ ਵਜੇ ਸ਼ਰਾਬ ਦੇ ਨਸ਼ੇ 'ਚ ਧੁੱਤ ਦੋ ਨੌਜਵਾਨਾਂ ਨੇ ਤੇਜ਼ ਰਫ਼ਤਾਰ ਕਾਰ ਸੜਕ ਦੀ ਬਿਜਾਏ ਘਰਾਂ ਦੇ ਵਿਚ ਦੀ ਕਿਸੇ ਸਟੰਟ ਫਿਲਮ ਦੇ ਸੀਨ ਵਾਂਗ ਭਜਾਈ | ਪ੍ਰਤੱਖ ਦਰਸ਼ਕਾਂ ਅਨੁਸਾਰ ਉਸ ਮੌਕੇ ਸੀਨ ਕਾਫੀ ਭਿਆਨਕ ਸੀ ,ਜਦੋਂ ਕੈਟੀ ਕੈਟੀ ਦੀ ਮਿਡਲ ਬਰੁੱਕ ਡਰਾਈਵ ਤੇ ਇੱਕ ਤੇਜ਼ ਰਫਤਾਰ ਕਾਰ ਪੰਜ ਘਰਾਂ ਦੀਆਂ ਫ਼ੈਨਸਾ ਤੋੜਦੀ ਹੋਈ ਲੰਘੀ ਤੇ ਅੰਤ ਇੱਕ ਘਰ ਦੇ ਹਿੱਸੇ ਨਾਲ ਟਕਰਾ ਕੇ ਰੁਕੀ | ਉਸ ਮੌਕੇ ਤੱਕ ਕਾਰ ਪੂਰੀ ਤਰਾਂ ਟੁੱਟ ਚੁੱਕੀ ਸੀ , ਉਕਤ ਘਰਾਂ 'ਚ ਇੱਕ ਘਰ ਸਥਾਨਿਕ ਪੰਜਾਬੀ ਦਾ ਘਰ ਸੀ | ਜਿਹਨਾਂ ਉਕਤ ਕਾਰ ਡ੍ਰਾਇਵਰਾਂ ਨੂੰ ਗੱਡੀ ਵਿਚੋਂ ਬਾਹਰ ਕੱਢਿਆ ,ਜੋ ਕਿ ਪੰਜਾਬੀ ਮੂਲ ਦੇ ਦੋ ਨੌਜਵਾਨ ਸਨ | ਜੋ ਕਿ ਗੰਭੀਰ ਜ਼ਖਮੀ ਹੋਣ ਦੇ ਨਾਲ ਨਾਲ ਸ਼ਰਾਬ ਦੇ ਨਸ਼ੇ 'ਚ ਵੀ ਧੁੱਤ ਸਨ | ਸਥਾਨਿਕ ਪ੍ਰਤੱਖ ਦਰਸ਼ਕਾਂ ਅਨੁਸਾਰ ਇਹਨਾਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਐਮਬੂਲੈਂਸ ਰਾਹੀਂ ਦਾਖਿਲ ਕਰਵਾਇਆ ਗਿਆ | ਮਿਲੀ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ 25 ਸਾਲ ਤੋਂ ਘੱਟ ਉਮਰ ਦੇ ਸਨ | ਐਨ ਜ਼ੈਡ ਪੰਜਾਬੀ ਨਿਊਜ਼ ਵੱਲੋਂ ਇਸ ਬਾਬਤ ਪੁਲਿਸ ਦੇ ਨਾਲ ਵੀ ਰਾਬਤਾ ਕੀਤਾ ਗਿਆ ,ਜਿਹਨਾਂ ਨੇ ਐਕਸੀਡੈਂਟ ਦੀ ਪੁਸ਼ਟੀ ਕੀਤੀ ਹੈ ,ਪਰ ਅਜੇ ਇਸ ਐਕਸੀਡੈਂਟ 'ਚ ਸ਼ਾਮਿਲ ਨੌਜਵਾਨਾਂ ਦੇ ਨਾਮ ਤੇ ਉਹਨਾਂ ਦਾ ਵੀਜ਼ਾ ਸਟੇਟਸ ਨਸ਼ਰ ਨਹੀਂ ਕੀਤਾ |
ਇਥੇ ਜਿਕਰਯੋਗ ਹੈ ਕਿ ਐਨ ਜ਼ੈਡ ਪੰਜਾਬੀ ਨਿਊਜ਼ ਦੇ ਪਾਠਕਾਂ ਨੇ ਇਸ ਘਟਨਾਂ ਦੀਆਂ ਕੁਝ ਤਸਵੀਰਾਂ ਵੀ ਭੇਜੀਆਂ ਹਨ ਜੋ ਅਸੀਂ ਨਸ਼ਰ ਕਰ ਰਹੇ ਹਨ | ਇਸਦੇ ਨਾਲ ਨਾਲ ਇਹ ਸਵਾਲ ਮੁੜ ਸਾਡੇ ਸਾਹਮਣੇ ਹੈ ਕਿ ਘਰ ਤੋਂ ਦੂਰ ਅਸੀਂ ਕਿਸੇ ਦੂਸਰੇ ਮੁਲਕ 'ਚ ਸਮੁਚੇ ਭਾਈਚਾਰੇ ਦੇ ਅੰਬੈਸਡਰ ਹਾਂ ,ਹਰ ਇੱਕ ਵੱਲੋਂ ਕੀਤੀ ਕੋਈ ਵੀ ਕਾਰਵਾਈ ਸਮੁਚੇ ਭਾਈਚਾਰੇ ਨੂੰ ਪ੍ਰਭਾਵਿਤ ਕਰਦੀ ਹੈ | ਜਿੱਥੇ ਘੱਟ ਤਨਖਾਹਾਂ ਦੇਣ ਵਾਲੇ ਮਾਲਿਕ ਨਵੇਂ ਆਏ ਪੂਰ ਦੇ ਸਵਾਲਾਂ ਦੇ ਸਨਮੁਖ ਖੜੇ ਹਨ | ਉੱਥੇ ਇਹੋ ਜੇ ਸ਼ਰਮਨਾਕ ਕਾਰਿਆਂ ਕਰਕੇ ਬਹੁਗਿਣਤੀ ਮੇਹਨਤੀ ਨੌਜਵਾਨ ਭਾਈਚਾਰਾ ਜੋ ਇਸ ਮੁਲਕ ਵਿਚ ਆਪਣੀ ਮੇਹਨਤ ਤੇ ਲਗਨ ਨਾਲ ਆਪਣਾ ਸਥਾਨ ਬਣਾ ਰਿਹਾ ਹੈ | ਉਹ ਵੀ ਆਪਣੇ ਆਪ ਨੂੰ ਕਟਹਿਰੇ 'ਚ ਖੜਾ ਮਹਿਸੂਸ ਕਰਦਾ ਹੈ | ਅਜਿਹੇ ਨਾਜ਼ੁਕ ਮੁੱਦੇ ਹੀ ਨਸਲੀ ਸਿਆਸਤ ਨੂੰ ਹਵਾ ਦਿੰਦੇ ਹਨ , ਜਿਹਨਾਂ ਕਰਕੇ ਵੀਜ਼ਿਆਂ ਉੱਪਰ ਲਗਾਤਾਰ ਸਿਆਸਤ ਹੁੰਦੀ ਹੈ |

ADVERTISEMENT
NZ Punjabi News Matrimonials