ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੇ ਬੁਰੇ ਪ੍ਰਭਾਵਾਂ ਅਤੇ ਕੁਝ ਹੋਰ ਕਾਰਨਾਂ ਦੇ ਨਤੀਜੇ ਵਜੋਂ ਟੌਰੰਗੇ ਦਾ ਡੇਵਨਪੋਰਟ ਰੋਡ ਜੋ ਕਿ ਕਿਸੇ ਵੇਲੇ ਕਾਰੋਬਾਰੀ ਗਤੀਵਿਧੀਆਂ ਦਾ ਕੇਂਦਰ ਮੰਨਿਆ ਜਾਂਦਾ ਸੀ ਤੇ ਜਿੱਥੇ ਕਿਸੇ ਵੇਲੇ ਅਨੇਕਾਂ ਹੀ ਵੱਡੇ-ਵੱਡੇ ਬ੍ਰੈਂਡਾਂ ਦੇ ਸ਼ੋਅਰੂਮ ਸਨ, ਹੁਣ ਖਾਲੀ-ਖਾਲੀ ਦਿਖਣਾ ਸ਼ੁਰੂ ਹੋ ਗਿਆ ਹੈ। ਸਿਰਫ ਐਲੀਜਾਬੇਥ ਸਟਰੀਟ ਤੋਂ ਦ ਸਟ੍ਰੈਂਡ ਤੱਕ 29 ਸਟੋਰ ਖਾਲੀ ਪਏ ਹਨ ਤੇ ਇਹ ਸਭ ਲੇਵਲ 1 ਲਾਗੂ ਹੋਣ ਤੋਂ ਬਾਅਦ ਤੋਂ ਲੈਕੇ ਪਿਛਲੇ ਕੁਝ ਦਿਨਾਂ ਵਿੱਚ ਖਾਲੀ ਹੋਏ ਦੱਸੇ ਜਾ ਰਹੇ ਹਨ। ਟੌਰੰਗਾ ਸੀਬੀਡੀ ਨੂੰ ਗਹਿਰਾ ਰਹੀ ਮੁਸੀਬਤ ਤੋਂ ਉਭਾਰਣ ਲਈ ਬੀਤੇ ਮੰਗਲਵਾਰ ਕਾਉਂਸਲ ਵਲੋਂ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ ਸੀ, ਪਰ ਇਸਦੇ ਵਿੱਚ ਕਿਆਸਾਂ ਤੋਂ ਇਲਾਵਾ ਹੋਰ ਕੋਈ ਪ੍ਰਭਾਵੀ ਉਪਾਅ ਸਾਹਮਣੇ ਨਹੀਂ ਆਇਆ ਜੋ ਸੀਬੀਡੀ ਲਈ ਸੰਜੀਵਨੀ ਬੂਟੀ ਦਾ ਕੰਮ ਕਰੇ।