ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦਾ ਰੋਡ ਮਿਲਨ ਤੇ ਉਸਦੀ ਅਮਰੀਕੀ ਮੂਲ ਦੀ ਪਤਨੀ ਸ਼ੈਲੀ ਕੈਂਪਬੇਲ ਨਿਊਜੀਲੈਂਡ ਵਿੱਚ ਵਧੀਆ ਕਾਰੋਬਾਰ ਚਲਾਉਂਦੇ ਹਨ ਅਤੇ ਸ਼ੈਲੀ ਅਮਰੀਕਾ ਤੋਂ ਕਈ ਵਾਰ ਨਿਊਜੀਲੈਂਡ ਆਉਣ-ਜਾਣ ਕਰ ਚੁੱਕੀ ਹੈ। ਪਰ ਰੋਡ ਮਿਲਨ ਹੈਰਾਨ ਹੈ ਕਿ ਇਸ ਸਭ ਦੇ ਬਾਵਜੂਦ ਉਸਦੀ ਪਤਨੀ ਵਲੋਂ ਲਾਈ ਗਈ ਵੀਜੇ ਦੀ ਫਾਈਲ ਨੂੰ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਬਿਨ੍ਹਾਂ ਕਾਰਨ ਦੱਸੇ 4 ਵਾਰ ਰੱਦ ਕਰ ਦਿੱਤਾ ਹੈ। ਇਨ੍ਹਾਂ ਹੀ ਨਹੀਂ ਰੋਡ ਨੇ ਦੱਸਿਆ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਨੂੰ ਉਨ੍ਹਾਂ ਦੇ ਪਤੀ-ਪਤਨੀ ਹੋਣ 'ਤੇ ਵੀ ਸ਼ੱਕ ਹੈ ਅਤੇ ਇਸੇ ਲਈ ਰੋਡ ਤੋਂ ਉਨ੍ਹਾਂ ਨੇ ਕਈ ਅਜਿਹੇ ਕਾਗਜਾਤ ਵੀ ਮੰਗੇ ਜੋ ਦੋਨਾਂ ਨੂੰ ਪਤੀ-ਪਤਨੀ ਸਿੱਧ ਕਰਦੇ ਹੋਣ ਤੇ ਰੋਡ ਨੇ ਇਸੇ ਲਈ ਆਪਣੇ ਸਾਂਝੇ ਖਾਤੇ ਦੀ ਜਾਣਕਾਰੀ, ਪ੍ਰਾਪਰਟੀ ਦੀ ਜਾਣਕਾਰੀ ਅਤੇ ਬੱਚਿਆਂ ਦੀ ਜਾਣਕਾਰੀ ਵੀ ਦਿੱਤੀ। ਪਰ ਉਸਦੇ ਬਾਵਜੂਦ ਵੀਜਾ ਰੱਦ ਕਰ ਦਿੱਤਾ ਗਿਆ।
ਰੋਡ ਅਨੁਸਾਰ ਅਜਿਹਾ ਲਗਾਤਾਰ 4 ਵਾਰ ਕੀਤਾ ਗਿਆ ਹੈ ਅਤੇ ਉਹ ਹੈਰਾਨ ਹੈ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਉਸ ਵਿਅਕਤੀ ਜਾਂ ਮਹਿਲਾ ਨੂੰ ਵੀਜਾ ਕਿਵੇਂ ਰੱਦ ਕਰ ਸਕਦੀ ਹੈ, ਜੋ ਕਈ ਵਾਰ ਨਿਊਜੀਲੈਂਡ ਆਉਣ-ਜਾਣ ਕਰ ਚੁੱਕਾ ਹੋਏ ਅਤੇ ਉਹ ਵੀ ਬਿਨ੍ਹਾਂ ਕਾਰਨ ਦੱਸੇ।