ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਨਜਰਬੰਦ ਕੀਤੇ ਗਏ ਨਿਊਜੀਲੈਂਡ ਵਾਸੀ ਡਿਪੋਰਟੇਸ਼ਨ ਆਰਡਰ ਹੋਣ ਦੇ ਬਾਵਜੂਦ ਇਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਵਾਪਿਸ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਣ ਲਈ ਨਿਊਜੀਲੈਂਡ ਜਲਦ ਤੋਂ ਜਲਦ ਭੇਜਿਆ ਜਾਏ। ਪਰ ਅਜਿਹਾ ਇਸ ਲਈ ਨਹੀਂ ਸੰਭਵ ਹੋ ਪਾ ਰਿਹਾ, ਕਿਉਂਕਿ ਕੋਰੋਨਾ ਦੇ ਹਾਲਾਤਾਂ ਕਰਕੇ ਅਜੇ ਇਸ ਪ੍ਰਕਿਰਿਆ ਨੂੰ ਅੰਜਾਮ ਦੇਣਾ ਔਖਾ ਹੈ ਅਤੇ ਨਤੀਜੇ ਵਜੋਂ ਡਿਟੈਂਸ਼ਨ ਸੈਂਟਰਾਂ ਵਿੱਚ ਬੈਠੇ ਨਿਊਜੀਲੈਂਡ ਵਾਸੀ ਹੁਣ ਧਰਨੇ ਲਾਣ ਲੱਗ ਪਏ ਹਨ, ਕਿਉਂਕਿ ਉਨ੍ਹਾਂ ਨੂੰ ਪਰਿਵਾਰਾਂ ਤੋਂ ਬਗੈਰ ਰਹਿਣਾ ਪੈ ਰਿਹਾ ਹੈ ਤੇ ਵਿਛੋੜੇ ਦਾ ਇਹ ਦਰਦ ਬਰਦਾਸ਼ਤ ਤੋਂ ਬਾਹਰ ਹੈ। ਬੀਤੇ ਦਿਨੀਂ ਇੱਕ ਅਜਿਹੀ ਹੀ ਵੀਡੀਓ ਸਾਹਮਣੇ ਆਈ ਸੀ ਜੋ ਕਿ ਮੈਲਬੋਰਨ ਦੇ ਇੱਕ ਡਿਟੈਂਸ਼ਨ ਸੈਂਟਰ ਦੀ ਹੈ, ਜਿੱਥੇ 30 ਤੋਂ ਵੱਧ ਨਿਊਜੀਲੈਂਡ ਵਾਸੀ ਫਸੇ ਬੈਠੇ ਹਨ ਤੇ ਵਾਸਤਾ ਪਾ ਰਹੇ ਹਨ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾਏ।