ਆਕਲੈਂਡ (ਤਰਨਦੀਪ ਬਿਲਾਸਪੁਰ) ਆਕਲੈਂਡ ਦੇ ਸਟੈਮਫੋਰਡ ਹੋਟਲ ‘ਚ 3 ਜੁਲਾਈ ਨੂੰ ਭਾਰਤ ਤੋਂ ਪਹੁੰਚੇ ਮਨਿੰਦਰ ਸਿੰਘ (ਕਾਲਪਨਿਕ ਨਾਮ) ਨੇ ਐਨ ਜੈੱਡ ਪੰਜਾਬੀ ਨਿਊਜ ਨਾਲ ਗੱਲਬਾਤ ਕਰਦਿਆਂ ਖੁਲਾਸੇ ਕੀਤੇ ਹਨ ਕਿ ਉਸਦੇ ਹੋਟਲ ਤੋਂ ਆਈਸ਼ੋਲੇਸਨ ਦੌਰਾਨ ਕਾਊਂਟਡਾਊਨ ਜਾਣ ਸਬੰਧੀ ਉਸਦੇ ਪੱਖ ਨੂੰ ਕੌਮੀ ਮੀਡੀਆ ਅਤੇ ਪਰਬੰਧਕਾਂ ਵੱਲੋਂ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਮਨਿੰਦਰ ਅਨੁਸਾਰ ਉਹ ਦਿੱਲੀ ਤੋਂ ਵਾਇਆ ਮੁੰਬਈ, ਆਕਲੈਂਡ 3 ਜੁਲਾਈ ਨੂੰ ਪਹੁੰਚਿਆ ਸੀ । ਸੱਤ ਜੁਲਾਈ ਤੱਕ ਉਹ ਆਪਣੇ ਅਲਾਟ ਕੀਤੇ ਕਮਰੇ ‘ਚ ਰਹਿ ਰਿਹਾ ਸੀ । ਪਰ ਉਹ ਟੂਥਪੇਸਟ ਨਾ ਹੋਣ ਦੀ ਦਿੱਕਤ ਦਾ ਸਾਹਮਣਾ ਕਰ ਰਿਹਾ ਸੀ । ਜਿਸ ਨੂੰ ਮੁਹੱਈਆ ਕਰਵਾਉਣ ਲਈ ਉਹ ਸਕਿਉਰਟੀ ਸਮੇਤ ਹਾਸਪਟਿਲਟੀ ਵਿਭਾਗ ਨੂੰ ਵੀ ਬੇਨਤੀ ਕਰ ਰਿਹਾ ਸੀ । ਇਸੇ ਦੇ ਚੱਲਦਿਆਂ 7 ਜੁਲਾਈ ਨੂੰ ਉਸਨੂੰ ਕੋਵਿਡ ਦਾ ਟੈਸਟ ਕਰਨ ਲਈ ਹੇਠਾਂ ਬੁਲਾਇਆ ਗਿਆ । ਉਸ ਮੌਕੇ ਉਸਨੇ ਦੇਖਿਆ ਕਿ ਸਕਿਉਰਟੀ ਵੱਲੋਂ ਆਮ ਹੀ ਬਾਹਰ ਜਾਣ ਦੀ ਇਜਾਜਤ ਸੀ । ਜਿਸ ਕਰਕੇ ਉਹ ਉਸੇ ਸ਼ਾਮ ਸਕਿਉਰਟੀ ਦੀ ਇਜਾਜਤ ਨਾਲ ਕਾਊਂਟਡਾਊਨ ਗਿਆ , ਜਿੱਥੇ ਉਸਨੇ ਤਿੰਨ ਚਾਰ ਪ੍ਰੋਡਕਟ ਖਰੀਦੇ ਅਤੇ ਸੈਲਫ ਕਾਊਂਟਰ ਰਾਹੀਂ ਪੇ ਕਰਕੇ ਉਹ ਬਾਹਰ ਆ ਗਿਆ । ਬਾਹਰ ਆਉਣ ਤੋਂ ਬਾਅਦ ਉਸਦੇ ਫੋਨ ਨੇ ਟੂ ਡਿਗਰੀ ਵਾਈ ਫਾਈ ਦੀ ਰੇਂਜ ਫੜੀ । ਇਸੇ ਦੌਰਾਨ ਹੀ ਮਨਿੰਦਰ ਨੂੰ ਉਸਦੀ ਮਾਂ ਦਾ ਫੋਨ ਆਇਆ ਜੋ ਉਸਨੇ ਵੀਹ ਮਿੰਟ ਲਈ ਸੁਣਿਆ ਤੇ ਕੁੱਲ ਪੰਜਾਹ ਮਿੰਟਾਂ ‘ਚ ਉਹ ਵਾਪਿਸ ਹੋਟਲ ਪਹੁੰਚ ਗਿਆ ਸੀ । ਉਸ ਮੌਕੇ ਸ਼ਾਮ ਦੇ 7.30 ਤੇ 8.00 ਦੇ ਵਿਚਕਾਰ ਦਾ ਸਮਾਂ ਸੀ । ਉਸ ਵੱਲੋਂ ਵਾਪਿਸ ਪਹੁੰਚਣ ਤੇ ਪੁਲਿਸ ਵੱਲੋਂ ਉਸਨੂੰ ਸੁਆਲ ਜੁਆਬ ਵੀ ਹੋਏ । ਜਿਸ ਮੌਕੇ ਉਸਨੇ ਉਸਨੂੰ ਇਜਾਜਤ ਦੇਣ ਵਾਲਿਆ ਦੇ ਵੇਰਵੇ ਵੀ ਦੇ ਦਿੱਤੇ ।
ਮਨਿੰਦਰ ਅਨੁਸਾਰ ਅਗਲੀ ਸਵੇਰ ਉਸਨੂੰ ਸਟਾਫ ਵੱਲੋਂ ਦੱਸਿਆ ਕਿ ਉਹ ਕੋਵਿਡ 19 ਦਾ ਪਾਜਿਟਵ ਹੈ । ਜਿਸ ਕਰਕੇ ਉਸਨੂੰ ਸਟੈਮਫੋਰਡ ਤੋਂ ਤਬਦੀਲ ਕਰਕੇ ਏਅਰਪੋਰਟ ਲਾਗੇ ਬਦਲਿਆ ਜਾ ਰਿਹਾ ਹੈ ।
ਮਨਿੰਦਰ ਅਨੁਸਾਰ ਉਹ ਉਸ ਮੌਕੇ ਕਾਫੀ ਅਚੰਭੇ ‘ਚ ਸੀ ਕਿ ਉਹ ਕੋਵਿਡ ਦਾ ਪਾਜਿਟਵ ਹੈ । ਕਿਉਕਿ ਅੱਜ ਤਿੰਨ ਦਿਨ ਬਾਅਦ ਵੀ ਉਸਨੂੰ ਸਰੀਰਿਕ ਤੌਰ ਤੇ ਕੋਈ ਦਿੱਕਤ ਨਹੀਂ ਹੈ ।
ਮਨਿੰਦਰ ਅਨੁਸਾਰ ਉਸਨੂੰ ਸਮਝ ਨਹੀਂ ਆ ਰਹੀ ਕੀ ਉਸ ਨਾਲ ਕੀ ਹੋ ਰਿਹਾ ਹੈ । ਉਸ ਅਨੁਸਾਰ ਸਥਾਨਿਕ ਪਰਸ਼ਾਸਨ ਵੱਲੋਂ ਉਸਦੇ ਪੱਖ ਨੂੰ ਆਪਣੀਆਂ ਗਲਤੀਆਂ ‘ਚ ਲੁਕੋ ਕੇ ਪਰੋਸਿਆ ਜਾ ਰਿਹਾ ਹੈ । ਐਨਾ ਹੀ ਨਹੀਂ ਉਸ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਦੀ ਵੀ ਗਲਤ ਪੇਸ਼ਕਾਰੀ ਹੋ ਰਹੀ ਹੈ ।
ਮਨਿੰਦਰ ਨੇ ਉਕਤ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਉਮੀਦ ਕਰਦਾ ਹੈ ਕਿ ਕੌਮੀ ਮੀਡੀਆ ‘ਚ ਬਣਾਏ ਉਸਦੇ ਬਿੰਬ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ । ਕਿਉਂਕਿ ਉਸਨੇ ਹਮੇਸ਼ਾ ਨਿਊਜੀਲੈਂਡ ਦੇ ਜਿੰਮੇਵਾਰ ਸ਼ਹਿਰੀ ਦੀ ਭੂਮਿਕਾ ਨਿਭਾਈ ਹੈ । ਜਿਸ ਲਈ ਉਹ ਹੁਣ ਵੀ ਯਤਨਸ਼ੀਲ ਹੈ । ਪਰ ਜੋ ਤਸਵੀਰ ਉਸਦੀ ਪੇਸ਼ ਕੀਤੀ ਗਈ ਹੈ , ਉਹ ਗਲਤ ਹੀ ਨਹੀਂ ਬਲਕਿ ਉਸ ਸਮੇਤ ਉਸਦੇ ਮਾਈਗਰੇਂਟ ਭਾਈਚਾਰੇ ਲਈ ਵੀ ਠੀਕ ਨਹੀਂ ਹੈ ।