ਆਕਲੈਂਡ : ਅਵਤਾਰ ਸਿੰਘ ਟਹਿਣਾ
ਪਰਵਾਸੀਆਂ ਵਿਰੁੱਧ ਟਿੱਪਣੀਆਂ ਕਰਨ ਵਾਲੇ ਨਿਊਜ਼ੀਲੈਂਡ ਫਸਟ ਪਾਰਟੀ ਦੇ ਆਗੂ ਸ਼ੇਨ ਜੋਨਜ ਨੇ ਫਿਰ ਭੜਾਸ ਕੱਢੀ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦੀ ਇਮੀਗਰੇਸ਼ਨ ਪਾਲਿਸੀ ਨੂੰ ਸਖ਼ਤ ਬਣਾਉਣ ਦੇ ਸੰਕੇਤ ਦਿੰਦਿਆਂ ਲੈਂਗੂਏਜ ਸਕੂਲਾਂ ਨਿਸ਼ਾਨਾ ਬਣਾਇਆ ਹੈ। ਜਿਨ੍ਹਾਂ ਅਨੁਸਾਰ ਅਜਿਹੇ ਸਕੂਲ ਹੀ ਨਿਊਜ਼ੀਲੈਂਡ 'ਚ ਲੋਅ ਸਕਿਲਜ ਲਿਆਉਣ ਲਈ ਜਿੰਮੇਵਾਰ ਹਨ, ਜਿਨਾਂ ਨੇ ਦੇਸ਼ ਦੀ ਲੇਬਰ ਮਾਰਕੀਟ ਦਾ ਨੁਕਸਾਨ ਕੀਤਾ ਹੈ।
ਨਿਊਜ਼ਹੱਬ ਨੇਸ਼ਨ ਨਾਲ ਗੱਲਬਾਤ ਕਰਦਿਆਂ ਸ਼ੇਨ ਜੋਨਜ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਏਜੰਡਾ ਲੈਂਗੂਏਜ ਸਕੂਲਾਂ ਨੂੰ ਖੁੱਲ੍ਹ ਦੇਣ ਵਾਲਾ ਨਹੀਂ ਹੈ। ਜਿਨ੍ਹਾਂ ਰਾਹੀਂ ਦੇਸ਼ 'ਚ ਲੋਅ ਸਕਿਲਜ 'ਚ ਵਾਧਾ ਹੁੰਦਾ ਹੈ ਅਤੇ ਦੇਸ਼ ਦੀ ਲੇਬਰ ਮਾਰਕੀਟ 'ਤੇ ਬਹੁਤ ਹੀ ਮਾੜਾ ਪ੍ਰਭਾਵ ਪਿਆ ਸੀ। ਜੋਨਜ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਉਨ੍ਹਾਂ ਦੇ ਆਗੂ ਅਤੇ ਪਾਰਟੀ ਲੀਡਰਾਂ ਕੋਲ ਇਮੀਗਰੇਸ਼ਨ ਬਾਰੇ ਕਹਿਣ ਲਈ ਬਹੁਤ ਕੁੱਝ ਹੈ। ਉਨ੍ਹਾਂ ਕਿਹਾ ਇਸ ਵੇਲੇ ਜਦੋਂ ਦੇਸ਼ ਦਾ ਬੁਨਿਆਦੀ ਢਾਂਚਾ ਤਿੜਕ ਰਿਹਾ ਹੈ ਤਾਂ ਉਸ ਵੇਲੇ ਦੇਸ਼ ਦੇ 50 ਲੱਖ ਲੋਕ ਬੇਲਗਾਮ ਇਮੀਗਰੇਸ਼ਨ 'ਤੇ ਨਿਰਭਰ ਨਹੀਂ ਹੋ ਸਕਦੇ।
ਜ਼ਿਕਰਯੋਗ ਹੈ ਕਿ ਇਸ ਆਗੂ ਨੇ ਫਰਵਰੀ ਮਹੀਨੇ ਵੀ ਪਰਵਾਸੀਆਂ ਵਿਰੁੱਧ ਸਖ਼ਤ ਟਿੱਪਣੀਆਂ ਕੀਤੀਆਂ ਸਨ। ਖਾਸ ਤੌਰ 'ਤੇ ਕਿਹਾ ਸੀ ਕਿ ਨਵੀਂ ਦਿੱਲੀ ਤੋਂ ਆਉਣ ਵਾਲੇ ਵਿਦਿਆਰਥੀਆਂ ਨੇ ਦੇਸ਼ ਦੇ ਵਿਦਿਅਕ ਢਾਂਚੇ ਨੂੰ ਤਬਾਅ ਕਰ ਦਿੱਤਾ ਹੈ। ਇਸ ਇਲਾਵਾ ਉਨ੍ਹਾਂ ਨੇ ਭਾਰਤੀਆਂ ਨੂੰ ਆਪਣੇ ਮੁਲਕ 'ਚ ਚਲੇ ਜਾਣ ਲਈ ਟਿਕਟਾਂ ਲੈਣ ਬਾਰੇ ਵੀ ਕੁੜੱਤਣ ਭਰਿਆ ਬਿਆਨ ਦਿੱਤਾ ਸੀ। ਜਿਸਦਾ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਬਹੁਤ ਬੁਰਾ ਮਨਾਇਆ ਸੀ।