ਆਕਲੈਂਡ (ਹਰਪ੍ਰੀਤ ਸਿੰਘ) - ਅਜੇ 2 ਸਾਲ ਪਹਿਲਾਂ ਹੀ ਪਰਿਵਾਰ ਸਮੇਤ ਨਿਊਜੀਲੈਂਡ ਆ ਕੇ ਵੱਸੇ 16 ਸਾਲਾ ਹਰਅੰਸ਼ ਸਿੰਘ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਆਪਣੀ ਸਖਤ ਮਿਹਨਤ ਸਦਕਾ, ਨਿਊਜੀਲੈਂਡ ਵਿੱਚ ਬਾਕਸਿੰਗ ਖੇਡਣ ਦੇ ਆਪਣੇ ਪਹਿਲੇ ਪੜਾਅ ਵਿੱਚ ਹੀ ਵੱਡੀ ਸਫਲਤਾ ਨੂੰ ਸਰ ਕਰੇਗਾ।
ਹਰਅੰਸ਼ ਪਕੂਰੰਗਾ ਕਾਲਜ ਵਿੱਚ ਸਾਲ 12 ਦਾ ਵਿਦਿਆਰਥੀ ਹੈ ਅਤੇ ਇੱਕ ਸਾਲ ਪਹਿਲਾਂ ਹੀ ਉਸਨੇ ਰੈਵਿਲਜ ਬਾਕਸਿੰਗ ਜਿੰਮ ਵਿੱਚ ਬਾਕਸਿੰਗ ਦੀ ਟ੍ਰੈਨਿੰਗ ਸ਼ੁਰੂ ਕੀਤੀ ਸੀ। ਹਾਲਾਂਕਿ ਉਸਨੂੰ ਪਹਿਲੇ ਕੰਪੀਟਿਸ਼ਨ ਵਿੱਚ ਖੇਡਣ ਤੋਂ ਪਹਿਲਾਂ ਏ ਬੀ ਏ ਦੇ ਨਿਯਮਾਂ ਅਨੁਸਾਰ ਸਾਬਤ-ਸੂਰਤ ਹੋਣ ਕਰਕੇ ਛੋਟੀ ਜਿਹੀ ਅੜਿੱਚਣ ਜਰੂਰ ਮਹਿਸੂਸ ਹੋਈ, ਪਰ ਜਦੋਂ ਹਰਅੰਸ਼ ਨੇ ਏ ਬੀ ਏ ਨੂੰ ਸਿੱਖ ਧਰਮ ਬਾਰੇ ਵਿਸਥਾਰ ਵਿੱਚ ਦੱਸਦਿਆਂ ਸਾਬਤ ਸੂਰਤ ਹੋਣ ਦੀ ਅਹਿਮੀਅਤ ਦੱਸੀ ਤਾਂ ਏ ਬੀ ਏ ਨੇ ਉਸ ਨੂੰ ਖੇਡਣ ਦੀ ਇਜਾਜਤ ਦੇ ਦਿੱਤੀ।
ਹਰਅੰਸ਼ ਅਨੁਸਾਰ ਉਸਨੇ ਪਹਿਲੇ ਰਾਉਂਡ ਵਿੱਚ ਥੋੜੀਆਂ ਗਲਤੀਆਂ ਜਰੂਰ ਕੀਤੀਆਂ, ਪਰ ਜਲਦ ਹੀ ਆਪਣੇ ਆਪ 'ਤੇ ਕਾਬੂ ਪਾਉਂਦਿਆਂ ਉਸਨੇ ਵਾਪਸੀ ਕੀਤੀ ਤੇ ਆਕਲੈਂਡ ਬਾਕਸਿੰਗ ਐਸੋਸੀਏਸ਼ਨ (ਏਬੀਏ) ਦੇ ਆਪਣੇ ਪਹਿਲੇ ਅਮਚਿਓਰ ਫਾਈਟ ਟੂਰਨਾਮੈਂਟ ਨੂੰ ਜਿੱਤ ਲਿਆ। ਇਨ੍ਹਾਂ ਹੀ ਨਹੀਂ ਏ ਬੀ ਏ ਨੇ ਉਸਨੂੰ ਸਾਈਨ ਵੀ ਕਰ ਲਿਆ ਹੈ ਅਤੇ ਹਰਅੰਸ਼ ਪਹਿਲਾ ਸਿੱਖ ਨੌਜਵਾਨ ਹੋਏਗਾ, ਜੋ ਏ ਬੀ ਏ ਵਲੋਂ ਖੇਡੇਗਾ।
ਪਿਤਾ ਜਸਜੀਤ ਸਿੰਘ ਅਨੁਸਾਰ ਇਹ ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਲਈ ਇੱਕ ਵੱਡੀ ਉਪਲਬਧੀ ਹੈ ਤੇ ਹਰਅੰਸ਼ ਦੀ ਜਿੱਤ ਅਨੇਕਾਂ ਹੋਰ ਸਿੱਖ ਨੌਜਵਾਨਾਂ ਨੂੰ ਇਸ ਖੇਡ ਲਈ ਪ੍ਰੇਰਿਤ ਕਰੇਗੀ।