ਆਕਲੈਂਡ (ਹਰਪ੍ਰੀਤ ਸਿੰਘ) ਨਿਊਜੀਲੈਂਡ ਸਰਕਾਰ ਵਲੋਂ ਆਈਲੈਂਡਰਾਂ ਨੂੰ ਆਪਣੀ ਮਾਂ-ਬੋਲੀ ਨੂੰ ਵਧਾਵਾ ਦੇਣ ਲਈ $3.9 ਮਿਲੀਅਨ ਜਾਰੀ ਹੋਏ ਹਨ, ਇਹ ਪੈਸਾ ਪੈਸੇਫਿਕ ਐਜੁਕੇਸ਼ਨ ਸੈਂਟਰਾਂ (ਪੀ ਈ ਸੀ) ਰਾਂਹੀ ਆਉਂਦੇ 4 ਸਾਲਾਂ ਵਿੱਚ ਖਰਚਿਆ ਜਾਏਗਾ ਤੇ ਆਈਲੈਂਡਰ ਆਪਣੀ ਮਾਂ-ਬੋਲੀ ਨੂੰ ਮੁਫਤ ਵਿੱਚ ਸਿੱਖਣ ਲਈ ਆਨਲਾਈਨ ਤੇ ਡੀਜੀਟਲ ਲਰਨਿੰਗ ਮੋਡਿਊਲ ਮੁੱਹਈਆ ਕਰਵਾਏ ਜਾਣਗੇ, ਇਨ੍ਹਾਂ ਹੀ ਨਹੀਂ ਉਨ੍ਹਾਂ ਨੂੰ ਆਪਣੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਘਰਾਂ ਅਤੇ ਕੰਮਾਂ ਵਾਲੀ ਜਗ੍ਹਾ 'ਤੇ ਬੋਲਣ ਲਈ ਵੀ ਪ੍ਰੇਰਿਆ ਜਾਏਗਾ ਅਤੇ ਇਹ ਸਭ ਇਸ ਲਈ ਤਾਂ ਜੋ ਆਈਲੈਂਡਰਾਂ ਦੀ ਮਾਂ ਬੋਲੀ ਹੋਰ ਵਧੇਰੇ ਪ੍ਰਫੁਲਿੱਤ ਹੋ ਸਕੇ ਤੇ ਇਹ ਸਭ ਹੋਇਆ ਹੈ ਆਈਲੈਂਡਰਾਂ ਦੇ ਚੰਗੀ ਸੋਚ ਵਾਲੇ ਲੀਡਰਾਂ ਦੀ ਬਦੌਲਤ ਜੋ ਆਪਣੇ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਸਮਝਦੇ ਹਨ ਤੇ ਉਨ੍ਹਾਂ ਲਈ ਨਿਰੰਤਰ ਕਾਰਜਸ਼ੀਲ ਰਹਿੰਦੇ ਹਨ।
ਪਰ ਦੂਜੇ ਪਾਸੇ ਹੈਰਾਨੀ ਹੁੰਦੀ ਹੈ, ਜਦੋਂ ਮਾਂ-ਬੋਲੀ ਪੰਜਾਬੀ ਲਈ ਅਜਿਹੇ ਉਪਰਾਲੇ ਨਹੀਂ ਹੋ ਰਹੇ, ਕਾਰਨ ਇਹ ਨਹੀਂ ਕਿ ਸਾਡੇ ਨੁਮਾਇੰਦੇ ਸਰਕਾਰਾਂ ਵਿੱਚ ਜਾਂ ਵਿਰੋਧੀ ਧਿਰਾਂ ਵਿੱਚ ਨਹੀਂ ਸ਼ਾਮਿਲ ਹਨ, ਕਾਰਨ ਹੈ ਉਨ੍ਹਾਂ ਵਲੋਂ ਮਾਂ-ਬੋਲੀ ਪੰਜਾਬੀ ਨੂੰ ਅਣਦੇਖਿਆਂ ਕਰਨਾ। ਪਹਿਲੇ ਸਿੱਖ ਐਮਪੀ ਵਜੋਂ ਜਾਣੇ ਜਾਂਦੇ ਨੈਸ਼ਨਲ ਦੇ ਐਮਪੀ ਕੰਵਲਜੀਤ ਸਿੰਘ ਬਖਸ਼ੀ, ਨੈਸ਼ਨਲ ਐਮ ਪੀ ਤੇ ਪੰਜਾਬੀ ਮੂਲ ਦੀ ਪਰਮਜੀਤ ਪਰਮਾਰ, ਲੇਬਰ ਸਰਕਾਰ ਵਿੱਚ ਲਿਸਟ ਮੈਂਬਰ ਪਾਰਲੀਮੈਂਟ ਪਿ੍ਰਯੰਕਾ ਰਾਧਾਕ੍ਰਿਸ਼ਨਨ, ਇਹ ਸਾਰੇ ਅਜਿਹੇ ਹੀਲੇ ਦੀ ਸ਼ੁਰੂਆਤ ਲਈ ਕੋਸ਼ਿਸ਼ ਤਾਂ ਕਰ ਹੀ ਸਕਦੇ ਸਨ, ਪਰ ਅਫਸੋਸ ਕਿ ਅਜਿਹਾ ਕਦੇ ਵੀ ਨਹੀਂ ਹੋਇਆ ਤੇ ਹੁਣ ਇਹ ਭਾਈਚਾਰਿਆਂ 'ਤੇ ਨਿਰਭਰ ਹੈ ਕਿ ਉਹ ਆਪਣੇ ਨੁਮਾਇੰਦਿਆਂ ਦੀਆਂ ਇਨ੍ਹਾਂ ਅਣਦੇਖੀਆਂ ਤੋਂ ਕੋਈ ਸਿੱਖਿਆ ਲੈਣਗੇ ਜਾਂ ਉਹ ਵੀ ਮਾਂ-ਬੋਲੀ ਨੂੰ ਅਣਗੌਲਿਆਂ ਹੀ ਕਰਨਗੇ।