ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਸਿੱਖ ਮਸਲਿਆਂ ਕਰਕੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਇੰਪਲੋਏਮੈਂਟ ਰਿਲੇਸ਼ਨਜ ਅਥਾਰਟੀ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਅਦਾਲਤ ਚੋਂ ਵਾਪਸ ਲੈ ਲਈ ਹੈ। ਇਸ ਕਦਮ ਸਿੱਖ ਭਾਈਚਾਰੇ ਦੀ ਇੱਕਜੁੱਟਤਾ ਦੇ ਸਿੱਟੇ ਵਜੋਂ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ, ਜਿਸ ਕਰਕੇ ਹੁਣ ਪੀੜਿਤ ਰਾਗੀ ਸਿੰਘਾਂ ਨੂੰ ਇੱਕ ਲੱਖ ਡਾਲਰ ਤੋਂ ਵੱਧ ਬਕਾਇਆ ਰਾਸ਼ੀ ਮਿਲ ਜਾਵੇਗੀ, ਜੋ ਘੱਟ ਮਿਹਤਾਨਾ ਮਿਲਣ ਕਰਕੇ ਸ਼ੋਸ਼ਣ ਦਾ ਸ਼ਿਕਾਰ ਹੋਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਪਾਟੋਏਟੋਏ ਦੀ ਸ਼ਿਰਲੀ ਰੋਡ 'ਤੇ ਬਣੇ ਗੁਰਦੁਆਰਾ ਸਿੰਘ ਸਭਾ ਨੂੰ ਚਲਾਉਣ ਵਾਲੀ ਸ੍ਰੀ ਗੁਰੂ ਸਿੰਘ ਸਭਾ ਦੇ ਕਨਵੀਨਰ ਅਤੇ ਖਜ਼ਾਨਚੀ ਹਰਨੇਕ ਸਿੰਘ ਇੰਪਲੋਏਮੈਂਟ ਰਿਲੇਸ਼ਨਜ ਅਥਾਰਟੀ (ਈਆਰਏ)ਦੇ ਫ਼ੈਸਲੇ ਨੂੰ ਪਹਿਲਾਂ ਤਾਂ ਚੁਣੌਤੀ ਦੇ ਦਿੱਤੀ ਸੀ ਪਰ ਹੁਣ ਮਜਬੂਰ ਹੋ ਕੇ ਅਰਜ਼ੀ ਵਾਪਸ ਲੈ ਲਈ ਹੈ। ਜਿਸ 'ਤੇ 5 ਅਤੇ 10 ਅਗਸਤ 2020 ਦਰਮਿਆਨ ਸੁਣਵਾਈ ਹੋਣੀ ਸੀ। ਇਹ ਮਾਮਲਾ ਰਾਗੀ ਸਿੰਘਾਂ ਨੂੰ ਘੱਟ ਮਿਹਤਾਨਾ ਦੇਣ ਨਾਲ ਸਬੰਧਤ ਹੈ। ਜਿਸਨੂੰ ਸਿੱਖ ਭਾਈਚਾਰੇ ਵੱਲੋਂ ਈਆਰਏ ਕੋਲ ਲਿਜਾਇਆ ਗਿਆ ਸੀ। ਉਸ ਪਿੱਛੋਂ ਹੋਈ ਪੜਤਾਲ ਉਪਰੰਤ ਈਆਰਏ ਹਰਨੇਕ ਸਿੰਘ ਨੂੰ ਹੁਕਮ ਦਿੱਤਾ ਸੀ ਕਿ ਰਾਗੀ ਸਿੰਘਾਂ ਨੂੰ ਇੱਕ ਲੱਖ ਛੇ ਹਜ਼ਾਰ 516 ਡਾਲਰ ਦਿੱਤੇ ਜਾਣ। ਜੋ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਘੱਟ ਅਦਾ ਕੀਤੇ ਗਏ ਸਨ।
ਦੱਸਦੀਏ ਕਿ ਅਰਜੀ ਵਾਪਿਸ ਲੈਣ ਮੌਕੇ ਹਰਨੇਕ ਦੇ ਖਿਲਾਫ ਜੋ ਸ਼ਿਕਾਇਤਾ ਪਾਈਆਂ ਗਈਆਂ ਸਨ, ਉਸ ਤਹਿਤ ਹਰਪ੍ਰੀਤ ਸਿੰਘ ਨੂੰ $32,133, ਜਸਵਿੰਦਰ ਸਿੰਘ $34,383, $40,000 ਦੀ ਪਨੈਲਟੀ ਏਰਾ ਨੂੰ, ਤਿੰਨ ਹਫਤਿਆਂ ਅੰਦਰ ਇੱਕੋ ਕਿਸ਼ਤ ਵਿੱਚ ਅਦਾ ਕਰਨ ਦੀ ਗੱਲ ਕਹੀ ਹੈ। ਇਸ ਮੌਕੇ ਜਸਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਨੇਕੀ ਦੇ ਕੇਸ ਵਾਪਿਸ ਲੈਣ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਜੋ ਇਲਜਾਮ ਏਰਾ ਨੇ ਉਸ 'ਤੇ ਲਾਏ ਸਨ, ਉਹ ਸਹੀ ਪਾਏ ਗਏ ਹਨ, ਕਿਉਕਿ ਉਨ੍ਹਾਂ ਨੂੰ ਦਿੱਤੀ ਚੁਣੌਤੀ ਉਸਨੇ ਆਪ ਹੀ ਵਾਪਿਸ ਲੈ ਲਈ ਹੈ।