ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਪਾਪਾਕੂਰਾ ਦੀ ਆਰ ਐਸ ਏ ਇਮਾਰਤ ਵਿੱਚ ਸਮੋਆ, ਟੌਂਗਣ, ਮਾਓਰੀ ਤੇ ਹੋਰਾਂ ਭਾਈਚਾਰਿਆਂ ਨੇ ਇੱਕ ਵੱਡਾ ਫੰਕਸ਼ਨ ਰੱਖਿਆ ਸੀ, ਇਸ ਦਾ ਮੁੱਖ ਮਕਸਦ ਕੋਵਿਡ 19 ਦੌਰਾਨ ਲੋੜਵੰਦਾਂ ਦੀ ਮੱਦਦ ਕਰਨ ਵਾਲਿਆਂ ਨੂੰ ਸਨਮਾਨਿਤ ਕਰਨਾ ਸੀ ਤੇ ਇਸੇ ਲਈ ਆਯੋਜਕਾਂ ਵਲੋਂ ਸੁਪਰੀਮ ਸਿੱਖ ਸੁਸਾਇਟੀ ਅਤੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਨੂੰ ਕੋਵਿਡ 19 ਵੇਲੇ ਭਾੲਚਾਰਿਆਂ ਦੀ ਮੱਦਦ ਕਰਨ ਦੇ ਨੇਕ ਕਾਰਜ ਵਜੋਂ ਚੈਂਪੀਅਨ ਅਵਾਰਡ ਨਾਲ ਸਨਮਾਨਿਆ ਗਿਆ।
ਇਸ ਫੰਕਸ਼ਨ ਵਿੱਚ ਵੱਡੀ ਗਿਣਤੀ ਵਿੱਚ ਲੋਕਲ ਮੈਂਬਰ ਪਾਰਲੀਮੈਂਟ, ਕਾਉਂਸਲਰ ਤੇ ਵੱਖੋ-ਵੱਖ ਕਮਿਊਨਿਟੀਆਂ ਦੇ ਆਗੂ ਮੌਜੂਦ ਸਨ।
ਸਨਮਾਨਿਤ ਕੀਤੇ ਜਾਣ ਮੌਕੇ ਤਾੜੀਆਂ ਦੀ ਗੜਗੜਾਹਟ ਨੇ ਸਾਰਾ ਹਾਲ ਗੂੰਝਣ ਲਾ ਦਿੱਤਾ।
ਜੋ ਸਨਮਾਨ ਚਿੰਨ ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਭੇਂਟ ਕੀਤਾ ਗਿਆ ਉਸ ਵਿੱਚ ਖੰਡੇ ਅਤੇ ਮਾਓਰੀਆਂ ਦੇ ਲੋਗੋ ਦਾ ਸੁਮੇਲ ਸੀ, ਜੋ ਜਾਹਿਰ ਤੌਰ 'ਤੇ ਭਾਈਚਾਰਿਕ ਸਾਂਝ ਦੇ ਪ੍ਰਤੀਕ ਵਜੋਂ ਹੈ। ਟਾਕਾਨਿਨੀ ਗੁਰਦੁਆਰਾ ਸਾਹਿਬ ਤੋਂ ਰਜਿੰਦਰ ਸਿੰਘ ਜਿੰਦੀ (ਸਕੱਤਰ), ਦਲਜੀਤ ਸਿੰਘ, ਕਮਲਜੀਤ ਸਿੰਘ ਬੈਨੀਪਾਲ, ਹਰਮੀਤ ਸਿੰਘ ਪੁੱਜੇ ਸਨ।
ਫੰਕਸ਼ਨ ਵਿੱਚ ਪੁੱਜੇ ਡੈਨੀਅਲ ਨਿਊਮੈਨ ਤੇ ਹੋਰ ਭਾਈਚਾਰਿਆਂ ਦੇ ਆਗੂਆਂ ਨੇ ਸਿੱਖ ਕਮਿਊਨਿਟੀ ਵਲੋਂ ਕੋਵਿਡ 19 ਮੌਕੇ ਕੀਤੇ ਕਾਰਜਾਂ 'ਤੇ ਚਾਨਣਾ ਪਾਇਆ ਗਿਆ ਅਤੇ ਨਾਲ ਹੀ ਡੈਨੀਅਲ ਨਿਊਮੈਨ ਨੇ ਗੁਰਦੁਆਰਾ ਸਾਹਿਬ 'ਚ ਕਾਰਾਂ ਧੋਣ ਦੇ ਚੱਲ ਰਹੇ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਦਿੱਤੀ।
ਸਮਾਰੋਹ ਦੀ ਸ਼ੁਰੂਆਤ ਮਾਓਰੀ ਰਸਮਾਂ ਰਿਵਾਜਾਂ ਨਾਲ ਹੋਈ ਤੇ ਇਸ ਫੰਕਸ਼ਨ ਵਿੱਚ ਚੈਂਪੀਅਨ ਦਾ ਖਿਤਾਬ ਸਿਰਫ ਸੁਪਰੀਮ ਸਿੱਖ ਸੁਸਾਇਟੀ ਅਤੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਨੂੰ ਹੀ ਦਿੱਤਾ ਗਿਆ ਹੈ, ਜੋ ਕਿ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ।
ਇਸ ਮੌਕੇ ਡੈਨੀਅਲ ਨਿਊਮੈਨ, ਏਜੰਲਾ, ਲੇਬਰ ਐਮ ਪੀ ਏਨਾਹੀਲਾ (ਜਿਨ੍ਹਾਂ ਨੇ ਪਾਰਲੀਮੈਂਟ ਵਿੱਚ ਸਿੱਖ ਭਾਈਚਾਰੇ ਨੂੰ ਅਕਨੋਲਜਮੈਂਟ ਦੁਆਈ) ਵੀ ਇਸ ਮੌਕੇ ਹਾਜਿਰ ਸਨ, ਏਨਾਹੀਲਾ ਨੇ ਸਿੱਖ ਭਾਈਚਾਰੇ ਵਲੋਂ ਕੀਤੇ ਕਾਰਜਾਂ 'ਤੇ ਵਿਸ਼ੇਸ਼ ਤੌਰ 'ਤੇ ਖੁਸ਼ੀ ਵੀ ਪ੍ਰਗਟਾਈ।