ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਤੋਂ ਬਾਹਰ ਫਸੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਨੂੰ ਲੈਕੇ ਐਜੂਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਵਾਪਸੀ ਨੂੰ ਲੈਕੇ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ ਅਤੇ 2021 ਤੱਕ ਅਜਿਹਾ ਸੰਭਵ ਹੋ ਜਾਏਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਆਈਸੋਲੇਸ਼ਨ ਦਾ ਖਰਚਾ ਵੀ ਵਿਦਿਆਰਥੀਆਂ ਨੂੰ ਆਪਣੀ ਜੇਬ ਵਿੱਚੋਂ ਭਰਨਾ ਪਏਗਾ। ਸੋ ਇਹ ਖਬਰ ਕਿਤੇ ਨਾ ਕਿਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਚੰਗਾ ਸੁਨੇਹਾ ਲੈਕੇ ਆਈ ਹੈ।
ਬੀਤੇ ਵਰ੍ਹੇ ਦੇ ਆਂਕੜੇ ਦੱਸਦੇ ਹਨ ਕਿ ਇਹ ਖੇਤਰ ਨਿਊਜੀਲੈਂਡ ਦਾ 5ਵਾਂ ਸਭ ਤੋਂ ਵਧੀਆ ਐਕਸਪੋਰਟ ਆਮਦਨੀ ਵਾਲਾ ਕਾਰੋਬਾਰ ਹੈ, ਜਿਸ ਤੋਂ ਸਲਾਨਾ 5 ਬਿਲੀਅਨ ਡਾਲਰ ਦੀ ਕਮਾਈ ਹੁੰਦੀ ਹੈ ਤੇ ਸ਼ਾਇਦ ਇਸੇ ਲਈ ਵਿਦਿਆਰਥੀਆਂ ਦੀ ਵਾਪਸੀ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ।
ਹਾਲਾਂਕਿ ਸਰਕਾਰ ਨੇ ਇਸ ਖੇਤਰ ਨਾਲ ਸਬੰਧਿਤ ਅਦਾਰਿਆਂ ਨੂੰ $51 ਮਿਲੀਅਨ ਦੀ ਮੱਦਦ ਦਾ ਐਲਾਨ ਤਾਂ ਜਰੂਰ ਕੀਤਾ ਹੈ ਤਾਂ ਜੋ ਇਹ ਸਕੂਲ/ ਕਾਲਜ ਆਪਣੇ ਆਪ ਨੂੰ ਸਥਾਈ ਰੱਖ ਸਕਣ। ਪਰ ਬਿਨ੍ਹਾਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ , ਇਨ੍ਹਾਂ ਕਾਲਜਾਂ ਤੇ ਸਕੂਲਾਂ ਦਾ ਕੁਝ ਨੀ ਹੋਣਾ, ਕਿਉਂਕਿ ਕਾਲਜਾਂ ਦਾ ਸਾਫ ਤੌਰ 'ਤੇ ਕਹਿਣਾ ਹੈ ਕਿ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਹੋਣ ਵਾਲੀ ਮੋਟੀ ਕਮਾਈ ਤੋਂ ਬਗੈਰ ਸਾਡਾ ਗੁਜਾਰਾ ਸੰਭਵ ਨਹੀਂ।