ਆਕਲੈਂਡ (ਐੱਨਜੈੱਡ ਪੰਜਾਬੀ ਨਿਊਜ ਬਿਊਰੋ) ਆਸਟਰੇਲੀਆ ਅਤੇ ਕੈਨੇਡਾ ਦੀ ਤਰਜ਼ 'ਤੇ ਨਿਊਜ਼ੀਲੈਂਡ ਨੇ ਵੀ ਅੱਜ ਹਾਂਗਕਾਂਗ ਨਾਲ ਹਵਾਲਗੀ ਸੰਧੀ ਮੁਲਤਵੀ ਕਰ ਦਿੱਤੀ ਹੈ। ਚੀਨ ਵੱਲੋਂ ਕੁੱਝ ਹਫ਼ਤੇ ਪਹਿਲਾਂ ਪਾਸ ਕੀਤੇ ਗਏ ਵਿਵਾਦਤ ਕਾਨੂੰਨ " ਨੈਸ਼ਨਲ ਸਕਿਉਰਿਟੀ ਲਾਅ" ਨੂੰ ਅਧਾਰ ਬਣਾ ਕੇ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਉਥੋਂ ਦੇ ਨਵੇਂ ਕਾਨੂੰਨ ਮੁਤਾਬਕ ਹਾਂਗਕਾਂਗ ਦੇ ਵਾਸੀਆਂ 'ਤੇ ਮੁਕੱਦਮਾ ਚਲਾਉਣ ਲਈ ਚੀਨ ਲਿਜਾਇਆ ਜਾ ਸਕਦਾ ਹੈ।
ਅੱਜ ਨਿਊਜ਼ੀਲੈਂਡ ਦੇ ਡਿਪਟੀ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਜ ਨੇ ਐਲਾਨ ਕੀਤਾ ਹੈ ਕਿ ਚੀਨ ਦੇ ਨਵੇਂ ਕਾਨੂੰਨ ਨੇ ਇੱਕ ਦੇਸ਼ ਦੋ ਕਾਨੂੰਨ ਵਾਲੇ ਢਾਂਚੇ ਨੂੰ ਖੋਖਲਾ ਕਰ ਦਿੱਤਾ ਹੈ। ਜਿਸ ਕਰਕੇ ਨਿਊਜ਼ੀਲੈਂਡ ਦਾ ਵਿਸ਼ਵਾਸ਼ ਨਹੀਂ ਰਿਹਾ ਕਿ ਹਾਂਗਕਾਂਗ ਦਾ ਕਾਨੂੰਨੀ ਢਾਂਚਾ ਚੀਨ ਦੇ ਪ੍ਰਭਾਵ ਤੋਂ ਮੁਕਤ ਰਹੇਗਾ। ਪਰ ਫਿਰ ਵੀ ਜੇ ਚੀਨ ਭਵਿੱਖ 'ਚ ਇੱਕ ਦੇਸ਼ ਦੋ ਸਿਸਟਮਜ ਵਾਲਾ ਢਾਂਚਾ ਤਿਆਰ ਕਰਦਾ ਹੈ ਤਾਂ ਨਿਊਜ਼ੀਲੈਂਡ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰ ਸਕਦਾ ਹੈ।
ਪੀਟਰ ਅਨੁਸਾਰ ਨਿਊਜ਼ੀਲੈਂਡ ਹਾਂਗਕਾਂਗ ਨਾਲ ਚੀਜਾਂ ਅਤੇ ਟੈਕਨਾਲੋਜੀ ਉਸੇ ਤਰ੍ਹਾਂ ਭੇਜਦਾ ਰਹੇਗਾ, ਜਿਸ ਤਰ੍ਹਾਂ ਚੀਨ 'ਚ ਭੇਜਦਾ ਹੈ। ਇਸਦੇ ਨਾਲ ਹੀ ਆਪਣੇ ਨਾਗਰਿਕਾਂ ਨੂੰ ਸੁਚੇਤ ਕਰ ਦਿੱਤਾ ਹੈ, ਜੋ ਬਤੌਰ ਟੂਰਿਸਟ ਉੱਥੇ ਘੁੰਮਣਾ ਚਾਹੁੰਦੇ ਹਨ।