ਆਕਲੈਂਡ (ਹਰਪ੍ਰੀਤ ਸਿੰਘ) - ਕਾਰੋਬਾਰੀਆਂ ਤੇ ਕਰਮਚਾਰੀਆਂ ਦੇ ਝਗੜਿਆਂ ਨੂੰ ਸੁਲਝਾਉਣ ਲਈ ਈ ਆਰ ਏ (ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ) ਦੀ ਅਹਿਮ ਭੂਮਿਕਾ ਰਹਿੰਦੀ ਹੈ, ਜਦੋਂ ਵੀ ਕੋਈ ਕਰਮਚਾਰੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ ਤਾਂ ਉਹ ਈ ਆਰ ਏ ਦਾ ਦਰਵਾਜਾ ਖੜਕਾਉਂਦਾ ਹੈ, ਪਰ ਕੋਰੋਨਾ ਮਹਾਂਮਾਰੀ ਕਰਕੇ ਈ ਆਰ ਏ ਦੀ ਕੰਮਕਾਜੀ ਪ੍ਰਕੀਰਿਆ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਕਈ ਮਾਮਲਿਆਂ ਵਿੱਚ ਤਾਂ ਸਾਹਮਣ ਆਇਆ ਹੈ ਕਿ ਕੇਸਾਂ ਨੂੰ ਬਿਨ੍ਹਾਂ ਕਾਰਨ ਦੱਸਿਆ ਰੱਦ ਕੀਤਾ ਜਾ ਰਿਹਾ ਹੈ, ਕੇਸਾਂ ਦੀ ਪੈਰਵਾਈ ਤੱਕ ਨਹੀਂ ਹੋ ਰਹੀ।
ਜੋ ਅਧਿਕਾਰੀ ਕੇਸ ਦੀ ਛਾਣਬੀਣ ਲਈ ਥਾਪੇ ਜਾਂਦੇ ਸਨ, ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਗਤੀਵਿਧੀਆਂ 'ਤੇ ਰੋਕ ਲਗਾ ਦਿੱਤੀ ਗਈ ਸੀ। ਜਿਸ ਕਰਕੇ ਹੁਣ ਸੁਲਝਾਏ ਜਾਣ ਵਾਲੇ ਕੇਸਾਂ ਦੀ ਗਿਣਤੀ ਕਾਫੀ ਜਿਆਦਾ ਵੱਧ ਗਈ ਹੈ। ਪਰ ਮਨਿਸਟਰੀ ਆਪ ਬਿਜਨੈਸ, ਇਨੋਵੇਸ਼ਨ ਐਂਡ ਇਮਪਲਾਇਮੈਂਟ ਦਾ ਇਸ ਸਬੰਧੀ ਵਿਸ਼ੇਸ਼ ਸੰਦੇਸ਼ ਹੈ ਕਿ ਕੇਸਾਂ ਨੂੰ ਦੇਰੀ ਜਰੂਰ ਹੋ ਰਹੀ ਹੈ, ਪਰ ਹਰ ਕੇਸ ਨੂੰ ਮਹੱਤਤਾ ਦੇ ਆਧਾਰ 'ਤੇ ਜਲਦ ਤੋਂ ਜਲਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।