ਆਕਲੈਂਡ (ਤਰਨਦੀਪ ਬਿਲਾਸਪੁਰ ) ਦੁਨੀਆਂ ਭਰ ਦੇ ਮੁਲਕਾਂ ਵਿਚ ਹਮੇਸ਼ਾਂ ਹੀ ਅਮਰੀਕਾ ਇੱਕ ਸੁਪਨਮਈ ਦੇਸ਼ ਵਜੋਂ ਦੇਖਿਆ ਗਿਆ ਹੈ | ਪਰ ਹੁਣ ਹਵਾ ਉਲਟੇ ਰੁਖ ਵੱਗਣੀ ਸ਼ੁਰੂ ਹੋ ਗਈ ਹੈ | ਕੋਵਿਡ 19 ਦੇ ਦੌਰ ਦੌਰਾਨ ਦੁਨੀਆਂ ਭਰ ਦੇ ਲੋਕ ਹੀ ਨਹੀਂ ਸਗੋਂ ਅਮਰੀਕਨ ਨਾਗਰਿਕ ਵੀ ਨਿਊਜ਼ੀਲੈਂਡ ਵੱਸਣ ਦਾ ਸੁਪਨਾ ਦੇਖਣ ਲੱਗੇ ਹਨ | ਨਿਊਜ਼ੀਲੈਂਡ ਇੰਮੀਗ੍ਰੇਸ਼ਨ ਦੀ ਵੈਬਸਾਈਟ ਅਨੁਸਾਰ ਮਾਰਚ ਮਹੀਨੇ ਤੋਂ ਲੈਕੇ ਹੁਣ ਤੱਕ ਢਾਈ ਲੱਖ ਅਮਰੀਕਨਾਂ ਨੇ ਨਿਊਜ਼ੀਲੈਂਡ ਆਕੇ ਵੱਸਣ ਲਈ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ ਹੈ |
ਵੇਰਵਿਆਂ ਅਨੁਸਾਰ ਹਰ 30 ਸੈਕਿੰਡ ਵਿਚ ਨਿਊਜ਼ੀਲੈਂਡ ਦੀ ਵੈਬਸਾਈਟ ਉੱਪਰ ਅਮਰੀਕਾ ਤੋਂ ਠੁੰਗ ਵੱਜਦੀ ਹੈ | ਕਾਰਨ ਸਪਸ਼ਟ ਹੈ ਕਿ ਕੋਵਿਡ ਦੇ ਦੌਰ ਵਿਚ ਜਿਸ ਤਰੀਕੇ ਨਾਲ ਨਿਊਜ਼ੀਲੈਂਡ ਨੇ ਲੜਾਈ ਲੜੀ ਹੀ ਨਹੀਂ ਸਗੋਂ ਕੋਵਿਡ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ | ਦੂਸਰੇ ਪਾਸੇ ਅਮਰੀਕਾ ਦਾ ਸਿਆਸੀ ਅਤੇ ਮੈਡੀਕਲ ਪ੍ਰਬੰਧ ਇਸ ਸਾਰੇ ਦੌਰ ਦੌਰਾਨ ਦੁਨੀਆਂ ਦੇ ਸਭ ਤੋਂ ਨਖਿੱਧ ਪ੍ਰਬੰਧਾਂ ਵਿਚੋਂ ਇੱਕ ਸਾਬਿਤ ਹੋਇਆ ਹੈ | ਨਿਊਜ਼ੀਲੈਂਡ ਵਿਚ ਜਿਥੇ ਇਸ ਮੌਕੇ ਦੋ ਦਰਜਨ ਹੀ ਕੋਵਿਡ ਦੇ ਮਾਮਲੇ ਹਨ ਤੇ ਉਹ ਵੀ ਸਾਰੇ ਵਿਦੇਸ਼ਾਂ ਤੋਂ ਪਰਤੇ ਲੋਕ ਹਨ ਜੋ ਮੈਨਜਡ ਆਈਸੋਲੇਸ਼ਨ ਵਿਚ ਰਹਿ ਰਹੇ ਹਨ |
ਜਦੋਂਕਿ ਦੂਸਰੇ ਪਾਸੇ ਅਮਰੀਕਾ ਵਿਚ ਤਕਰੀਬਨ ਨਿਊਜ਼ੀਲੈਂਡ ਦੀ ਅਬਾਦੀ ਜਿੰਨੇ ਕੋਵਿਡ ਦੇ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ | ਜਦੋਂਕਿ ਮੌਤਾਂ ਦਾ ਅੰਕੜਾ ਵੀ 1 ਲੱਖ 50 ਹਜ਼ਾਰ ਤੋਂ ਵਧੇਰੇ ਹੋ ਚੁੱਕਿਆ ਹੈ | ਐਨਾ ਹੀ ਨਹੀਂ ਇਹ ਅੰਕੜੇ ਦਿਨ ਪ੍ਰਤੀ ਦਿਨ ਹੋਰ ਵੀ ਦੈਂਤ ਆਕਾਰੀ ਹੁੰਦੇ ਜਾ ਰਹੇ ਹਨ |
ਦੂਸਰੇ ਪਾਸੇ ਇਸ ਦੌਰ ਵਿਚ ਗ੍ਰੇਟ ਬਰਟੇਨ ਦੇ ਨਾਗਰਿਕ ਵੀ ਨਿਊਜ਼ੀਲੈਂਡ ਆਉਣ ਦੇ ਇੱਛੁਕ ਹਨ ,ਇਹਨਾਂ ਦੀ ਗਿਣਤੀ ਵੀ 50 ਹਜ਼ਾਰ ਤੋਂ ਵਧੇਰੇ ਹੈ |
ਮਾਹਿਰਾਂ ਅਨੁਸਾਰ ਦੁਨੀਆਂ ਦੇ ਵਿਕਸਤ ਮੁਲਕਾਂ ਦੇ ਨਿਊਜ਼ੀਲੈਂਡ ਆਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਵਿਚ ਕੋਵਿਡ ਦੌਰਾਨ 160 ਫ਼ੀਸਦ ਦਾ ਇਜ਼ਾਫਾ ਹੋਇਆ ਹੈ | ਐਨਾ ਹੀ ਨਹੀਂ ਇਸ ਦੌਰ ਵਿਚ ਜਿਥੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਕੌਮਾਂਤਰੀ ਪ੍ਰਸਿੱਧੀ ਦੇ ਮਾਮਲੇ ਵਿਚ ਟੀਸੀ ਤੇ ਹਨ ,ਉਥੇ ਹੀ ਨਿਊਜ਼ੀਲੈਂਡ ਦੀ ਰੀਅਲ ਇਸਟੇਟ ਮੰਡੀ ਵੀ ਚਮਕਦੀ ਨਜ਼ਰ ਆ ਰਹੀ ਹੈ |
ਕੋਵਿਡ 19 ਦੀ ਬਿਮਾਰੀ ਜਿੰਨੀ ਦੁਨੀਆਂ ਭਰ ਵਿਚ ਹਊਆ ਬਣ ਰਹੀ ਹੈ | ਓਹਨੀ ਹੀ ਇਸ ਦੌਰ ਵਿਚ ਨਿਊਜ਼ੀਲੈਂਡ ਦੀ ਮੰਗ ਵੀ ਵੱਧ ਰਹੀ ਹੈ | ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਹ ਮੰਗ ਕਿੰਨਾ ਸਮਾਂ ਬਣੀ ਰਹਿੰਦੀ ਹੈ |