ਆਕਲੈਂਡ (ਤਰਨਦੀਪ ਬਿਲਾਸਪੁਰ ) ਮਨੁੱਖ ਦਾ ਹਮੇਸ਼ਾ ਸੁਭਾਅ ਰਿਹਾ ਹੈ ਕਿ ਉਹ ਜਿਥੇ ਵੀ ਜਾਵੇ ਆਪਣੇ ਨਾਲ ਆਪਣੀਆਂ ਜੜਾਂ ਦੀ ਖੁਸ਼ਬੂ ਨੂੰ ਨਾਲ ਰੱਖਦਾ ਹੀ ਨਹੀਂ ,ਸਗੋਂ ਉਸਦੇ ਬੀਜ ਵੀ ਖਿਲਾਰਕੇ ਵਿਰਸੇ ਦੇ ਰੁੱਖ ਦੇਖਣੇ ਲੋਚਦਾ ਹੈ | ਅਜਿਹਾ ਹੀ ਇੱਕ ਸਥਾਨਿਕ ਨੌਜਵਾਨ ਗੁਰਪ੍ਰੀਤ ਸੈਣੀ ਹੈ ,ਜੋ ਪੰਜਾਬ ਵਿਚ ਭੰਗੜੇ ਦਾ ਸਿਰਮੌਰ ਕਲਾਕਾਰ ਸੀ | ਯੂਨੀਵਰਸਿਟੀਆਂ ਤੋਂ ਲੈਕੇ ਕੌਮਾਂਤਰੀ ਪੱਧਰ ਤੇ ਭੰਗੜੇ ਦੇ ਉਸਤਾਦ ਲੋਕਾਂ ਨਾਲ ਆਪਣੀ ਕਲਾ ਦੇ ਜੌਹਰ ਦਿਖਾ ਚੁੱਕਿਆ ਸੀ | ਪਰ ਰਿਜਕ ਜਿਵੇਂ ਕਹਿੰਦੇ ਹਨ ਕਿ ਜ਼ੋਰਾਵਰ ਹੁੰਦਾ ਹੈ ,ਇਹੀ ਰਿਜਕ ਗੁਰਪ੍ਰੀਤ ਨੂੰ ਵਾਇਆ ਆਸਟ੍ਰੇਲੀਆ ,ਨਿਊਜ਼ੀਲੈਂਡ ਖਿੱਚ ਲਿਆਇਆ | ਪਰ ਰਿਜਕ ਨੇ ਉਸਦੀ ਭੰਗੜੇ ਦੀ ਤਾਲ ਨਾਲ ਥਿੜਕਣ ਦੀ ਖਿੱਚ ਨਹੀਂ ਮਰਨ ਦਿੱਤੀ | ਪੈਰਾਂ ਸਾਰ ਹੁੰਦਿਆਂ ਹੀ ਆਪਣੀ ਜੀਵਨ ਸਾਥਣ ਰੀਤ ਸੰਧੂ ਦੇ ਨਾਲ ਰਲਕੇ ਗੁਰਪ੍ਰੀਤ ਸੈਣੀ ਵਲੋਂ ਪੰਜਾਬੀ ਹੈਰੀਟੇਜ਼ ਡਾਂਸ ਅਕੈਡਮੀ ਆਕਲੈਂਡ ਦਾ ਗਠਨ ਕੀਤਾ ਜਾਂਦਾ ਹੈ |
ਇਹ ਅਕੈਡਮੀ ਪੰਜਾਬੀਆਂ ਦੇ ਗੜ ਪਾਪਾਟੋਏਟੋਏ ਦੇ ਬਾਜ਼ਾਰ ਵਿਚ ਵੋਮੈਨ ਕੇਅਰ ਟਰੱਸਟ ਦੀ ਇਮਾਰਤ ਵਿਚ ਕਾਰਜਸ਼ੀਲ ਹੈ | ਜਿਥੇ ਦੋਵੇਂ ਜੀਅ ਰਲਕੇ ਆਪਣਾ ਤਾਣ ਹੀ ਨਹੀਂ ਲਾਉਂਦੇ ਸਗੋਂ ਭੰਗੜੇ ਅਤੇ ਗਿੱਧੇ ਦੀਆਂ ਬਾਰੀਕੀਆਂ ਨਵੀਂ ਪੀੜੀ ਵਿਚ ਪਨੀਰੀ ਵਾਂਗ ਬੀਜਦੇ ਹਨ |
ਇਸੇ ਸਿਲਸਿਲੇ ਤਹਿਤ ਹੀ ਲੰਘੇ ਐਤਵਾਰ ਗੁਰਪ੍ਰੀਤ ਸੈਣੀ ਵਲੋਂ ਇੱਕ ਵਰਕਸ਼ਾਪ ਦਾ ਆਯੋਜਿਨ ਕੀਤਾ ਗਿਆ | ਜਿਸ ਦੌਰਾਨ ਨਿਊਜ਼ੀਲੈਂਡ ਵਿਚ ਪੰਜਾਬੀ ਲੋਕ ਨਾਚਾਂ ਵਿਚ ਮੰਝੇ ਕਲਾਕਾਰਾਂ ਦੀਆਂ ਸਾਰੀਆਂ ਪੀੜੀਆਂ ਨੇ ਹਾਜ਼ਰੀ ਭਰੀ ਗੁਰਪ੍ਰੀਤ ਸੈਣੀ ਦੇ ਨਾਲ ਨਾਲ ਸੀਨੀਅਰ ਭੰਗੜਚੀ ਅਜੀਤਪਾਲ ਸਿੰਘ ਚੀਮਾ ,ਪਰਮਜੀਤ ਸਿੰਘ ਤੇ ਜਤਿੰਦਰ ਸਿੰਘ ਨੇ ਜਿਥੇ ਬੱਚਿਆਂ ਦੇ ਨਾਲ ਨੁਕਤੇ ਸਾਂਝੇ ਕੀਤੇ | ਉਥੇ ਹੀ ਆਪਣੀਆਂ ਦਿਲਕਸ਼ ਪੇਸ਼ਕਾਰੀਆਂ ਦੇ ਨਾਲ ਸਭ ਦਾ ਮਨ ਵੀ ਮੋਹਿਆ ਤੇ ਐਨਾ ਹੀ ਨਹੀਂ ਇਸ ਮੌਕੇ ਬੱਚਿਆਂ ਨੇ ਵੀ ਆਪਣੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਆਪਣੇ ਉਸਤਾਦ ਗੁਰਪ੍ਰੀਤ ਸੈਣੀ ਦੀ ਕਲਾਕਾਰੀ ਨੂੰ ਆਪਣੇ ਮਾਪਿਆਂ ਤੇ ਉਸਤਾਦ ਕਲਾਕਾਰਾਂ ਦੇ ਸਾਹਮਣੇ ਮੰਚਿਤ ਵੀ ਕੀਤਾ |
ਇਸ ਮੌਕੇ ਪੰਜਾਬੀ ਮੀਡੀਆ ਤੋਂ ਬਿਕਰਮਜੀਤ ਮਟਰਾਂ ,ਸ਼ਰਨ ਸਿੰਘ ,ਆਰ ਜੇ ਆਸੀ ,ਹਰਮੀਕ ਸਿੰਘ ਸਮੇਤ ਹੋਰ ਵੀ ਸਥਾਨਿਕ ਨਾਮਵਰ ਸ਼ਖਸੀਅਤਾਂ ਹਾਜ਼ਿਰ ਸਨ |