Thursday, 06 August 2020
30 July 2020 New Zealand

ਭਾਰਤੀ ਮੂਲ ਦਾ ਆਗੂ ਸਰੀਰਕ ਸ਼ੋਸ਼ਣ ਦੇ ਦੋਸ਼ 'ਚ ਯੂਨੀਅਨ ਚੋਂ ਕੱਢਿਆ

ਈਟੀਯੂ ਯੂਨੀਅਨ ਨੇ ਕੀਤੀ ਪੁਸ਼ਟੀ
ਭਾਰਤੀ ਮੂਲ ਦਾ ਆਗੂ ਸਰੀਰਕ ਸ਼ੋਸ਼ਣ ਦੇ ਦੋਸ਼ 'ਚ ਯੂਨੀਅਨ ਚੋਂ ਕੱਢਿਆ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਈਟੀਯੂ ਯੂਨੀਅਨ 'ਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਆਗੂ ਨੂੰ ਯੂਨੀਅਨ ਚੋਂ ਕੱਢ ਦਿੱਤਾ ਹੈ। ਉਸ 'ਤੇ ਦੋਸ਼ ਲੱਗੇ ਹਨ ਕਿ ਉਸਨੇ ਇੰਪਲੋਏਮੈਂਟ ਝਗੜਾ ਨਿਬੇੜਣ ਲਈ ਵਿਚੋਲਗੀ ਕਰਦੇ ਸਮੇਂ ਭਾਰਤੀ ਮੂਲ ਦੀ ਇੱਕ ਬਿਜਨਸਵੋਮੈਨ ਨੂੰ ਕਥਿਤ ਤੌਰ 'ਤੇ ਸਰੀਰਕ ਸਬੰਧ ਬਣਾਉਣ ਲਈ ਪੇਸ਼ਕਸ਼ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਅਧਿਕਾਰੀਆਂ ਨੇ ਉਸਨੂੰ ਯੂਨੀਅਨ ਚੋਂ ਕੱਢ ਦਿੱਤਾ ਹੈ ਹਾਲਾਂਕਿ ਪਹਿਲਾਂ ਜਾਂਚ ਦਾ ਹਵਾਲਾ ਦੇ ਕੇ ਮੁਅੱਤਲ ਕਰਨ ਦੀ ਗੱਲ ਕਹੀ ਸੀ।
ਐੱਨਜੈੱਡ ਪੰਜਾਬੀ ਨਿਊਜ਼ ਕੋਲ ਪੁੱਜੀ ਜਾਣਕਾਰੀ ਅਨੁਸਾਰ ਇਹ ਆਗੂ ਪੀੜਿਤ ਲੜਕੀ ਪੂਜਾ (ਕਾਲਪਨਿਕ ਨਾਂ) ਨਾਲ ਦੋ ਕੁ ਸਾਲ ਪਹਿਲਾਂ 2018 'ਚ ਉਸ ਵੇਲੇ ਸ਼ੋਸ਼ਲ ਮੀਡੀਆ ਰਾਹੀਂ ਸੰਪਰਕ 'ਚ ਆਇਆ ਸੀ, ਜਦੋਂ ਉਹ ਕੁੜੀ ਕਈ ਤਰ੍ਹਾਂ ਦੇ ਬਿਜਨਸ ਕਰ ਰਹੀ ਸੀ। ਜਿਸ ਦੌਰਾਨ ਪੂਜਾ ਦਾ ਆਪਣੇ ਵਰਕਰ ਨਾਲ ਕਿਸੇ ਦਾ ਤਰ੍ਹਾਂ ਕਥਿਤ ਇੰਪਲੋਏਮੈਂਟ ਪੱਧਰ 'ਤੇ ਝਗੜਾ ਹੋ ਗਿਆ। ਜਿਸ ਪਿੱਛੋਂ ਵਰਕਰ ਨੇ ਕਿਸੇ ਹੋਰ ਯੂਨੀਅਨ ਨਾਲ ਰਾਬਤਾ ਕੀਤਾ। ਸਿੱਟੇ ਵਜੋਂ ਉਸ ਯੂਨੀਅਨ ਆਗੂ ਨੇ ਜਦੋਂ ਪੂਜਾ 'ਤੇ ਦਬਾਅ ਪਾਇਆ ਤਾਂ ਪੂਜਾ ਨੇ ਦੂਜੀ ਯੂਨੀਅਨ 'ਚ ਕੰਮ ਕਰਨ ਵਾਲੇ ਇਸ ਭਾਰਤੀ ਮੂਲ ਦੇ ਆਗੂ ਨਾਲ ਸੰਪਰਕ ਕੀਤਾ ਤਾਂ ਜੋ ਉਸਦੇ ਰਾਹੀਂ ਆਪਣਾ ਪੱਖ ਰੱਖ ਸਕੇ। ਪੂਜਾ ਨੂੰ ਲੱਗਦਾ ਸੀ ਕਿ ਇਹ ਯੂਨੀਅਨ ਵਰਕਰ ਬਤੌਰ ਸ਼ੋਸ਼ਲ ਵਰਕਰ ਵਜੋਂ ਉਸਦਾ ਮਾਮਲਾ ਨਿਬੇੜਨ 'ਚ ਮੱਦਦ ਕਰੇਗਾ।
ਜਿਸ ਪਿੱਛੋਂ ਉਸਨੇ ਪੂਜਾ ਨਾਲ ਮਿਲਣ ਦਾ ਪ੍ਰੋਗਰਾਮ ਬਣਾਇਆ। ਜਿਸ ਦੌਰਾਨ ਉਸ ਆਗੂ ਨੇ ਆਪਣੀ ਪਤਨੀ ਨਾਲ ਅਣਬਣ ਦਾ ਕਿੱਸਾ ਛੋਹ ਕੇ ਪੂਜਾ ਨੂੰ ਭਾਵੁਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਨਾਲ ਸਰੀਰਕ ਸਬੰਧ ਬਣਾਉਣ ਵਾਸਤੇ ਯਤਨ ਕੀਤੇ। ਪਰ ਪੂਜਾ ਨੇ ਨਾਂਹ ਕਰ ਦਿੱਤੀ। ਅਜਿਹਾ ਕੁੱਝ ਹੋਣ ਦੇ ਬਾਵਜੂਦ ਦੋਹਾਂ 'ਚ ਉਕਤ ਮਾਮਲੇ ਨੂੰ ਨਿਬੇੜਨ ਦੇ ਸਿਲਸਿਲੇ 'ਚ ਗੱਲਬਾਤ ਵੀ ਹੁੰਦੀ ਰਹੀ। ਜਿਸ ਦੌਰਾਨ ਉਹ ਆਗੂ ਫਿਰ ਭਰੋਸਾ ਦਿਵਾਉਂਦਾ ਰਿਹਾ ਕਿ ਉਹ ਕੇਸ ਨੂੰ ਦੂਜੀ ਯੂਨੀਅਨ ਦੇ ਆਗੂਆਂ ਨਾਲ ਮਿਲ ਕੇ ਆਪਣੇ ਪੱਧਰ 'ਤੇ ਨਿਬੇੜ ਦੇਵੇਗਾ ਪਰ ਉਸਦੇ ਲਈ ਉਸਨੂੰ ਕੀਮਤ ਤਾਰਨੀ ਪਵੇਗੀ।
ਪੂਜਾ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਅਜਿਹਾ ਮਨਜ਼ੂਰ ਨਹੀਂ ਸੀ। ਜਿਸ ਕਰਕੇ ਉਸਨੇ ਆਪਣੇ ਸਾਰੇ ਬਿਜ਼ਨਸ ਵੇਚ ਦਿੱਤੇ ਕਿਉਂਕਿ ਉਹ ਮਾਨਸਿਕ ਪ੍ਰੇਸ਼ਾਨੀ ਨਹੀਂ ਝੱਲ ਸਕਦੀ ਸੀ।
ਦੂਜੇ ਪਾਸੇ ਯੂਨੀਅਨ ਦੇ ਨੈਸ਼ਨਲ ਸੈਕਟਰੀ ਬਿੱਲ ਨਿਊਜਮੈਨ ਵੱਲੋਂ ਅੱਜ ਸਵੇਰੇ ਐੱਨਜੈੱਡ ਪੰਜਾਬੀ ਨਿਊਜ਼ ਨੂੰ ਭੇਜੀ ਗਈ ਈਮੇਲ 'ਚ ਪੁਸ਼ਟੀ ਕਰ ਦਿੱਤੀ ਸੀ ਕਿ ਪਿਛਲੇ ਸਮੇਂ ਦੌਰਾਨ ਯੂਨੀਅਨ ਆਗੂ 'ਤੇ ਗੰਭੀਰ ਦੋਸ਼ਾਂ ਵਾਲੀ ਸ਼ਿਕਾਇਤ ਮਿਲੀ ਸੀ। ਜਿਸ ਪਿੱਛੋਂ ਉਸ ਆਗੂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪਰ ਯੂਨੀਅਨ ਨੇ ਪ੍ਰਾਈਵੇਸੀ ਐਕਟ ਕਾਰਨ ਯੂਨੀਅਨ ਆਗੂ ਦਾ ਨਾਂ ਨਹੀਂ ਦੱਸਿਆ। ਪਰ ਪੀੜਿਤ ਲੜਕੀ ਨੂੰ ਯੂਨੀਅਨ ਵੱਲੋਂ ਭੇਜੀ ਗਈ ਈਮੇਲ 'ਚ ਬਕਾਇਦਾ ਨਾਂ ਦੱਸ ਕੇ ਖੁਲਾਸਾ ਕਰ ਦਿੱਤਾ ਹੈ ਕਿ ਉਸ ਆਗੂ ਨੂੰ ਯੂਨੀਅਨ ਚੋਂ ਕੱਢ ਦਿੱਤਾ ਹੈ।

ADVERTISEMENT