Monday, 03 August 2020
30 July 2020 New Zealand

ਕੀ ਵੰਦੇ ਭਾਰਤ ਵਾਲੇ ਜਹਾਜ਼ ਖ਼ਾਲੀ ਆਉਣਗੇ ਨਿਊਜ਼ੀਲੈਂਡ?

ਨਿਊਜ਼ੀਲੈਂਡਰਜ ਨੂੰ ਲਿਆਉਣ ਬਾਰੇ ਨਿਊਜ਼ੀਲੈਂਡ ਸਰਕਾਰ ਅਜੇ ਚੁੱਪ
ਕੀ ਵੰਦੇ ਭਾਰਤ ਵਾਲੇ ਜਹਾਜ਼ ਖ਼ਾਲੀ ਆਉਣਗੇ ਨਿਊਜ਼ੀਲੈਂਡ? - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਭਾਰਤ ਸਰਕਾਰ ਵੱਲੋਂ ਵੰਦੇ ਭਾਰਤ ਮਿਸ਼ਨ ਤਹਿਤ ਅਗਲੇ ਦਿਨੀਂ ਨਿਊਜ਼ੀæਲੈਂਡ ਭੇਜੇ ਜਾ ਰਹੇ ਜਹਾਜ਼ ਕੀ ਉਧਰੋਂ ਖ਼ਾਲੀ ਆਉਣਗੇ? ਇਹ ਸਵਾਲ ਭਾਰਤ 'ਚ ਫਸੇ ਬੈਠੇ ਲੋਕ ਪੁੱਛ ਰਹੇ ਹਨ ਕਿਉਂਕਿ ਨਿਊਜ਼ੀਲੈਂਡ ਸਰਕਾਰ ਨੇ ਅਜੇ ਤੱਕ ਚੁੱਪ ਧਾਰੀ ਹੋਈ ਹੈ । ਹੁਣ ਤੱਕ ਕੁੱਝ ਵੀ ਸਪੱਸ਼ਟ ਨਹੀਂ ਕਿ ਭਾਰਤ 'ਚ ਫਸੇ ਬੈਠੇ ਲੋਕ ਕੀ ਉਨ੍ਹਾਂ ਜਹਾਜ਼ਾਂ ਰਾਹੀਂ ਵਾਪਸ ਨਿਊਜ਼ੀਲੈਂਡ ਆ ਸਕਣਗੇ ਜਾਂ ਨਹੀਂ?
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵੱਲੋਂ ਵੰਦੇ ਭਾਰਤ ਦੇ ਮਿਸ਼ਨ ਤਹਿਤ ਆਪਣੇ ਨਾਗਰਿਕਾਂ ਨੂੰ ਲੈ ਕੇ ਜਾਣ ਲਈ ਵਿਸ਼ੇਸ਼ ਜਹਾਜ਼ ਅਗਲੇ ਦਿਨੀਂ ਨਿਊਜ਼ੀਲੈਂਡ ਆ ਰਹੇ ਹਨ। ਜਿਨ੍ਹਾਂ ਚੋਂ ਦੋ ਜਹਾਜ਼ 7 ਅਤੇ 13 ਅਗਸਤ ਨੂੰ ਨਿਊਜ਼ੀਲੈਂਡ ਤੋਂ ਯਾਤਰੀ ਲੈ ਕੇ ਭਾਰਤ ਮੁੜ ਜਾਣਗੇ। ਇਸ ਤਰ੍ਹਾਂ ਇੱਕ ਪ੍ਰਾਈਵੇਟ ਜਹਾਜ਼ ਵੀ 8 ਅਗਸਤ ਨੂੰ ਵਾਪਸ ਮੁੜੇਗਾ। ਪਰ ਨਿਊਜ਼ੀਲੈਂਡ ਸਰਕਾਰ ਅਤੇ ਭਾਰਤ ਸਰਕਾਰ 'ਚ ਅਜੇ ਤੱਕ ਕਿਸੇ ਕਿਸਮ ਦਾ ਤਾਲਮੇਲ ਹੋਣ ਬਾਰੇ ਸੂਚਨਾ ਸਾਹਮਣੇ ਨਹੀਂ ਆਈ ਕਿ ਕੀ ਉਨ੍ਹਾਂ ਜਹਾਜਾਂ ਰਾਹੀਂ ਉਹ ਲੋਕ ਵਾਪਸ ਆ ਸਕਣਗੇ,ਜਿਹੜੇ ਇਨੀਂ ਦਿਨੀਂ ਭਾਰਤ 'ਚ ਫਸੇ ਬੈਠੇ ਹਨ ਅਤੇ ਨਿਊਜ਼ੀਲੈਂਡ ਵਾਪਸ ਆਉਣਾ ਚਾਹੁੰਦੇ ਹਨ।
ਇੱਕ ਰਿਪੋਰਟ ਅਨੁਸਾਰ ਇਕ ਬਿਜਨਸਮੈਨ ਰੋਹਿਤ ਕੁਮਾਰ ਨੇ ਅਜਿਹੀ ਚਿੰਤਾ ਪ੍ਰਗਟ ਕੀਤੀ ਹੈ, ਜੋ ਮਾਰਚ ਮਹੀਨੇ ਤੋਂ ਭਾਰਤ 'ਚ ਫਸ ਕੇ ਬੈਠਣ ਲਈ ਮਜਬੂਰ ਹੈ ਅਤੇ ਅਜਿਹੇ 400 ਹੋਰ ਭਾਰਤੀਆਂ ਦਾ ਪ੍ਰਤੀਨਿਧ ਹੈ। ਉਹ ਪਰਮਾਨੈਂਟ ਰੈਜੀਡੈਂਟ ਹੈ ਅਤੇ ਲੋਅਰ ਹੱਟ 'ਚ ਬਿਜ਼ਨਸ ਚਲਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਆਈਆਂ ਫਲਾਈਟਾਂ ਰਾਹੀਂ ਉਹ ਵਾਪਸ ਨਹੀਂ ਆ ਸਕਿਆ ਪਰ ਹੁਣ ਆਉਣਾ ਚਾਹੁੰਦਾ ਹੈ। ਭਾਵੇਂ ਏਅਰ ਇੰਡੀਆ ਅਜਿਹੇ ਯਾਤਰੀਆਂ ਨੂੰ ਲਿਆਉਣ ਲਈ ਤਿਆਰ ਹੈ ਪਰ ਯਾਤਰੀਆਂ ਨੂੰ ਇੱਥੇ ਆਉਣ ਲਈ ਪਹਿਲਾਂ ਨਿਊਜ਼ੀਲੈਂਡ ਸਰਕਾਰ ਦੀ ਪ੍ਰਵਾਨਗੀ ਲੈਣੀ ਪੈਂਦੀ ਹੈ।
ਦੂਜੇ ਪਾਸੇ ਮੈਨੇਜਡ ਆਈਸੋਲੇਸ਼ਨ ਅਤੇ ਕੁਵੌਰਨਟੀਨ ਦੇ ਮੁਖੀ ਕਮਾਂਡੋਰ ਡਾਇਰਨ ਵੈੱਬ ਦਾ ਕਹਿਣਾ ਹੈ ਕਿ ਸਰਕਾਰ ਨੇ ਅਜੇ ਇਸ ਗੱਲ ਦੀ ਪੁਸ਼ਟੀ ਕਰਨੀ ਹੈ ਕਿ ਕੀ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ਰਾਹੀਂ ਨਿਊਜ਼ੀਲੈਂਡ ਦੇ ਪੱਕੇ ਵਸਨੀਕ ਆ ਸਕਣਗੇ ਜਾਂ ਨਹੀਂ। ਹਾਲਾਂਕਿ ਮਨਿਸਟਰੀ ਆਫ ਫ਼ੌਰਨ ਅਫੇਅਰਜ ਐਂਡ ਟਰੇਡ ਦਾ ਕਹਿਣਾ ਹੈ ਕਿ ਇਸ ਸਬੰਧ 'ਚ ਨਿਊਜ਼ੀਲੈਂਡ ਸਰਕਾਰ, ਭਾਰਤ ਸਰਕਾਰ ਨਾਲ ਤਾਲਮੇਲ ਰੱਖ ਰਹੀ ਹੈ। ਜਿਸ ਬਾਰੇ ਭਾਰਤ ਤੋਂ ਸੇਫ ਟਰੈਵਲ 'ਤੇ ਰਜਿਸਟਰਡ ਹੋਏ ਲੋਕਾਂ ਨੂੰ ਛੇਤੀ ਹੀ ਦੱਸ ਦਿੱਤਾ ਜਾਵੇਗਾ।

ADVERTISEMENT