ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਦਾ ਆਸਟਰੇਲੀਆ ਦਾ ਬਾਰਡਰ ਖੋਲ੍ਹਣ ਦਾ ਮਾਮਲਾ ਇੱਕ ਫਿਰ ਠੰਢੇ ਬਸਤੇ 'ਚ ਪੈ ਗਿਆ ਹੈ ਕਿਉਂਕਿ ਵਿਕਟੋਰੀਆ 'ਚ ਕੋਰੋਨਾ ਕੇਸ 'ਚ ਵਾਧੇ ਕਾਰਨ ਪੈਦਾ ਹੋਏ ਹਾਲਾਤ ਨੇ ਨਿਊਜ਼ੀਲੈਂਡ ਨੂੰ ਕੁੱਝ ਹੋਰ ਮਹੀਨੇ ਉਡੀਕ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਮੈਲਬਰਨ 'ਚ ਇਸ ਵੇਲੇ 760 ਐਕਟਿਵ ਕੇਸ ਹਨ ਪਰ ਉਨ੍ਹਾਂ ਪਤਾ ਨਹੀਂ ਲੱਗ ਸਕਾ ਕਿ ਉਹ ਕਿੱਥੋਂ ਆਏ ਹਨ। ਹਾਲਾਂਕਿ ਨਿਊਜ਼ੀਲੈਂਡ 'ਚ 93 ਦਿਨ ਪਹਿਲਾਂ ਅਜਿਹਾ ਕੇਸ ਸਾਹਮਣੇ ਆਇਆ ਸੀ,ਜਿਸ ਦੇ ਸਰੋਤ ਬਾਰੇ ਪਤਾ ਨਹੀਂ ਸੀ ਲੱਗਾ ਪਰ ਉਸ ਤੋਂ ਬਾਅਦ ਸਾਰੇ ਕੇਸਾਂ ਬਾਰੇ ਪਤਾ ਲੱਗਦਾ ਆ ਰਿਹਾ ਹੈ। ਮੈਲਬਰਨ 'ਚ ਸ਼ਾਮ ਅੱਠ ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ "ਆਫ਼ਤ ਵਰਗੇ ਹਾਲਾਤ" ਦੇ ਐਲਾਨ ਦੌਰਾਨ ਵਿਕਟੋਰੀਆ 'ਚ ਪੈਦਾ ਹੋਏ ਮੌਜੂਦਾ ਨਾਜ਼ੁਕ ਹਾਲਾਤ ਦੇ ਮੱਦੇਨਜ਼ਰ ਆਸਟਰੇਲੀਆ ਨਾਲ ਬਾਰਡਰ ਖੋਲ੍ਹਣ ਦਾ ਮਾਮਲਾ ਇੱਕ ਵਾਰ ਫਿਰ ਕੁੱਝ ਮਹੀਨੇ ਲਈ ਲਟਕ ਗਿਆ ਹੈ। ਜੈਸਿੰਡਾ ਦਾ ਕਹਿਣਾ ਹੈ ਕਿ ਬਾਰਡਰ ਖੋਲ੍ਹੇ ਜਾਣ ਦੀਆਂ ਸੰਭਾਵਨਾਵਾਂ ਤੋਂ ਪਹਿਲਾਂ ਆਸਟਰੇਲੀਆ ਲਈ ਹਾਲਾਤ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਕਿ ਉੱਥੇ 28 ਦਿਨ ਕੋਈ ਵੀ ਕਮਿਊਨਿਟੀ ਟਰਾਂਸਮਿਸ਼ਨ ਦਾ ਕੋਰੋਨਾ ਕੇਸ ਸਾਹਮਣੇ ਨਾ ਆਵੇ।