ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਸਾਬਕਾ ਇਮੀਗ੍ਰੇਸ਼ਨ ਮਨਿਸਟਰ ਇਯਾਨ ਲੀਸ ਗਲੋਵੇ ਨੇ ਜਦੋਂ ਇਮੀਗ੍ਰੇਸ਼ਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਸਦੀ ਇੱਛਾ ਸੀ ਕਿ ਮਾਪਿਆਂ ਨੂੰ ਨਿਊਜੀਲੈਂਡ ਬੁਲਾਉਣ ਦੀ ਸ਼੍ਰੇਣੀ ਨੂੰ ਦੁਬਾਰਾ ਤੋਂ ਖੋਲਿਆ ਜਾਏ, ਕਿਉਂਕਿ ਨੈਸ਼ਨਲ ਨੇ 2016 ਵਿੱਚ ਇਹ ਸ਼੍ਰੇਣੀ ਬੰਦ ਕਰ ਦਿੱਤੀ ਸੀ।
ਇਮੀਗ੍ਰੇਸ਼ਨ ਮੰਤਰੀ ਦੀ ਇੱਛਾ ਤਾਂ ਪੂਰੀ ਹੋਈ ਪਰ ਕੁਝ ਅਜਿਹੇ ਢੰਗ ਨਾਲ ਇਸ ਸ਼੍ਰੇਣੀ ਵਿੱਚ ਬਦਲਾਅ ਹੋਏ ਕਿ ਮਾਪਿਆਂ ਨੂੰ ਬੁਲਾਉਣਾ ਕਾਫੀ ਜਿਆਦਾ ਔਖਾ ਹੋ ਗਿਆ, ਕਿਉਂਕਿ ਜੋ ਕਮਾਈ ਦਾ ਘੱਟੋ-ਘੱਟ ਮਾਪਦੰਡ ਇਸ ਸ਼੍ਰੇਣੀ ਦੇ ਲਈ ਰੱਖਿਆ ਗਿਆ, ਉਹ ਮਾਪਿਆਂ ਚੋਂ ਇੱਕ ਨੂੰ ਬੁਲਾਉਣ ਲਈ ਤਾਂ ਇੱਕ ਬੰਦੇ ਦੀ ਤਨਖਾਹ $106,080 ਸੀ ਤੇ ਦੋਨਾਂ ਮਾਪਿਆਂ ਨੂੰ ਬੁਲਾਉਣ ਲਈ $159,120 ਸੀ ਤੇ ਇੱਕ ਜੋੜੇ ਲਈ ਇਹ ਕਮਾਈ ਸਾਂਝੇ ਤੌਰ 'ਤੇ ਕ੍ਰਮਵਾਰ $159,120 ਅਤੇ $212,160 ਰੱਖੀ ਗਈ ਸੀ।
ਉਸ ਵੇਲੇ ਤਾਂ ਇਯਾਨ ਲੀਸ ਗਲੋਵੇ ਨੇ ਇਸ ਬਦਲਾਅ ਦੀ ਕਾਫੀ ਵਕਾਲਤ ਕੀਤੀ ਸੀ, ਪਰ ਬੀਤੇ ਦਿਨੀਂ ਆਪਣਾ ਅਹੁਦਾ ਗੁਆ ਚੁੱਕੇ ਇਯਾਨ ਨੇ ਆਖਿਰਕਾਰ ਮੰਨ ਹੀ ਲਿਆ ਹੈ ਕਿ ਇਹ ਮਾਪਦੰਡ ਲੋੜ ਤੋਂ ਕਿਤੇ ਵਧੇਰੇ ਰੱਖਿਆ ਗਿਆ ਸੀ ਤੇ 85% ਵੇਟਿੰਗ ਲਿਸਟ ਵਾਲਿਆਂ ਲਈ ਇਸ ਨੂੰ ਪੂਰਾ ਕਰਨਾ ਤਾਂ ਇੱਕ ਸੁਪਨਾ ਹੀ ਰਹੇਗਾ। ਇਯਾਨ ਨੇ ਇਹ ਸਭ ਬੀਤੇ ਦਿਨੀਂ ਪਾਰਲੀਮੈਂਟ ਵਿੱਚ ਦਿੱਤੀ ਆਪਣੀ ਵਿਦਾਇਗੀ ਸਪੀਚ ਵਿੱਚ ਮੰਨਿਆ ਹੈ।
ਦੱਸਦੀਏ ਕਿ ਇਮੀਗ੍ਰੇਸ਼ਨ ਨੇ ਜੋ 1000 ਵੀਜੇ ਇਸ ਸ਼੍ਰੇਣੀ ਤਹਿਤ ਇੱਕ ਸਾਲ ਵਿੱਚ ਜਾਰੀ ਕਰਨ ਦੀ ਗੱਲ ਆਖੀ ਸੀ ਉਹ ਵੀ ਹੁਣ ਇਸ ਵਰ੍ਹੇ ਪੂਰੀ ਹੁੰਦੀ ਨੀ ਜਾਪਦੀ, ਕਿਉਂਕਿ ਕੋਰੋਨਾ ਕਰਕੇ ਇਹ ਸ਼੍ਰੇਣੀ ਅਜੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਗਈ ਹੈ।