ਆਕਲੈਂਡ (ਤਰਨਦੀਪ ਬਿਲਾਸਪੁਰ ) ਬੀਤੀ ਸ਼ਾਮ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਆਮ ਲੋਕਾਂ ਵਿਚ ਚਾਰ ਕੋਵਿਡ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਕਲੈਂਡ ਵਿਚ ਅਲਰਟ ਲੈਵਲ ਤਿੰਨ ਆਇਦ ਕਰ ਦਿੱਤਾ ਗਿਆ ਹੈ | ਜੋ ਕਿ ਅੱਜ ਬਾਅਦ ਸਵੇਰ ਦੁਪਹਿਰ 12 ਵਜੇ ਤੋਂ ਲਾਗੂ ਹੋ ਗਿਆ ਹੈ , ਇਸ ਨਵੇਂ ਬਣੇ ਮਾਹੌਲ ਤੋਂ ਬਾਅਦ ਲੋਕਾਂ ਨੇ ਅੱਜ ਸਵੇਰ ਤੋਂ ਆਕਲੈਂਡ ਦੀਆਂ ਤਕਰੀਬਨ ਸਾਰੀਆਂ ਸੁਪਰ ਮਾਰਕੀਟਾਂ ਦੇ ਅੱਗੇ ਲੰਬੀਆਂ ਕਤਾਰਾਂ ਲਗਾ ਦਿੱਤੀਆਂ | ਜਿਸਦੇ ਸਦਕੇ ਇੱਕਤਰਤਾ ਨੂੰ ਦੇਖਦੇ ਹੋਏ ਕਮਿਊਨਟੀ ਟਰਾਂਸਮਿਸ਼ਨ ਦਾ ਡਰ ਸਾਹਮਣੇ ਨਜ਼ਰ ਆ ਰਿਹਾ ਹੈ | ਹਾਲਾਂਕਿ ਇਸ ਤੋਂ ਪਹਿਲਾ ਵੀ ਨਿਊਜ਼ੀਲੈਂਡ ਵਾਸੀ ਲੌਕਡਾਊਨ ਵਿਚੋਂ ਲੰਘ ਚੁੱਕੇ ਹਨ | ਉਸ ਸਮੇਂ ਵੀ ਕਿਸੇ ਕਿਸਮ ਦੇ ਖਾਦ ਪਦਾਰਥ ਦੀ ਕੋਈ ਦਿੱਕਤ ਨਹੀਂ ਸੀ ਆਈ | ਇਸ ਸਾਰੇ ਵਰਤਾਰੇ ਬਾਬਤ ਬੀਤੀ ਰਾਤ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਵੀ ਲੋਕਾਂ ਨੂੰ ਸਬਰ ਨਾਲ ਖਾਣ-ਪੀਣ ਵਾਲੇ ਪਦਾਰਥਾਂ ਦੀ ਸ਼ੌਪਿੰਗ ਕਰਨ ਦੀ ਬੇਨਤੀ ਕੀਤੀ ਸੀ |
ਪਰ ਫਿਰ ਵੀ ਮਾਹੌਲ ਇਸ ਕਿਸਮ ਦਾ ਬਣ ਚੁੱਕਿਆ ਹੈ ਕਿ ਆਕਲੈਂਡ ਵਿਚ ਹਰ ਪਾਸੇ ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ ਹਨ |
ਇਸ ਸਾਰੇ ਸਿਲਸਿਲੇ ਦੇ ਚੱਲਦਿਆਂ ਆਕਲੈਂਡ ਪੁਲਿਸ ਵਲੋਂ ਸਾਰੇ ਪ੍ਰਮੁੱਖ ਬ੍ਰਾਂਡਾਂ ਦੇ ਸਟੋਰਾਂ ਦੇ ਪ੍ਰਬੰਧਕਾਂ ਨੂੰ ਲੋਂੜੀਦੇ ਨਿਯਮ ਪਾਲਣ ਕਰਨ ਅਤੇ ਲੋਕਾਂ ਵਿਚ ਸ਼ੋਸਲ ਡਿਸਟੈਂਸ ਬਣਾਕੇ ਰੱਖਣ ਲਈ ਕਰਮਚਾਰੀ ਤਾਇਨਾਤ ਕਰਨ ਲਈ ਕਿਹਾ ਹੈ ਅਤੇ ਨਾਲ ਦੀ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਸੰਜਮ ਬਣਾਈ ਰੱਖਣ ਅਤੇ ਆਪਣੇ ਪਿਛਲੇ ਤਜੁਰਬੇ ਤੋਂ ਸਿੱਖਣ |