ਆਕਲੈਂਡ ਵਾਟਰਕੇਅਰ ਮੁਖੀ ਵੱਲੋਂ ਅਸਤੀਫ਼ਾ
ਆਕਲੈਂਡ (ਅਵਤਾਰ ਸਿੰਘ ਟਹਿਣਾ) ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ ਆਕਲੈਂਡ 'ਚ ਕੌਂਸਲ ਦੇ ਸਾਰੇ ਹੀ ਐਗਜ਼ੈਗਟਿਵ ਅਧਿਕਾਰੀਆਂ ਨਾਲੋਂ ਸਭ ਤੋਂ ਵੱਧ ਪੌਣੇ 8 ਲੱਖ ਡਾਲਰ ਤਨਖ਼ਾਹ ਲੈਣ ਵਾਲੇ ਵਾਟਰਕੇਅਰ ਚੀਫ਼ ਐਗਜ਼ੈਗਟਿਵ ਰਵੀਨ ਜਾਦੂਰਾਮ ਦੀ ਨੌਕਰੀ ਆਖ਼ਰ ਡੁੱਬ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸਿਟੀ 'ਚ ਪਾਣੀ ਦੀ ਥੁੜ ਦੇ ਸੰਕਟ ਕਾਰਨ ਉਹ ਕਾਫੀ ਦਬਾਅ ਥੱਲੇ ਕੰਮ ਕਰ ਰਹੇ ਸਨ, ਅਤੇ ਪਾਣੀ ਦੀ ਵਰਤੋਂ ਨੂੰ ਲੈ ਕੇ ਆਕਲੈਂਡ ਸਿਟੀ 'ਚ ਪਾਬੰਦੀਆਂ ਵੀ ਲਾਗੂ ਕਰਨੀਆਂ ਪਈਆਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਟੀ ਡੈਮਾਂ 'ਚ ਇਸ ਵੇਲੇ 61 ਫ਼ੀਸਦੀ ਪਾਣੀ ਸਟੋਰ ਹੈ ਜਦੋਂ ਇਨੀਂ ਦਿਨੀਂ ਆਮ ਕਰਕੇ 87 ਫ਼ੀਸਦ ਤੋਂ ਵੱਧ ਭਰੇ ਹੁੰਦੇ ਹਨ। ਪਿਛਲੇ ਕਈ ਮਹੀਨਿਆਂ ਤੋਂ ਡੈਮਾਂ 'ਚ ਪਾਣੀ ਘਟਣ ਕਰਕੇ ਮਈ ਮਹੀਨੇ ਆਕਲੈਂਡ 'ਚ ਪਾਣੀ ਦੀ ਵਰਤੋਂ ਨੂੰ ਲੈ ਕੇ ਪਾਬੰਦੀਆਂ ਲਾਉਣੀਆਂ ਪਈਆਂ ਸਨ ਅਤੇ ਅਜੇ ਵੀ ਜਾਰੀ ਹਨ। ਭਾਵ ਅਜੇ ਵੀ ਘਰਾਂ ਦੇ ਬਾਹਰ ਲੱਗੀ ਟੂਟੀ ਖੋਲ੍ਹਣ ਦੀ ਮਨਾਹੀ ਹੈ, ਜਿਸ ਕਰਕੇ ਕੋਈ ਵੀ ਘਰਾਂ 'ਚ ਗੱਡੀ ਨਹੀਂ ਧੋ ਸਕਦਾ ਅਤੇ ਨਾ ਹੀ ਵਾਟਰ ਬਲਾਸਟਿੰਗ ਕਰ ਸਕਦਾ ਹੈ।
ਫਿਜੀਅਨ ਇੰਡੀਅਨ ਮੂਲ ਦੇ ਰਵੀਨ ਜਾਦੂਰਾਮ ਆਪਣੀ ਤਨਖ਼ਾਹ ਦੇ ਮਾਮਲੇ ਨੂੰ ਲੈ ਪਿਛਲੇ ਕਾਫੀ ਸਮੇਂ ਚਰਚਾ 'ਚ ਰਹੇ ਸਨ, ਜੋ ਪਬਲਿਕ ਸੈਕਟਰ 'ਚ ਸਭ ਤੋਂ ਵੱਧ ਤਨਖ਼ਾਹ ਲੈ ਰਹੇ ਹਨ। ਹੈਰਾਨੀਜਨਕ ਗੱਲ ਹੈ ਕਿ ਉਹ ਡਿਫ਼ੈਂਸ ਫੋਰਸ ਦੇ ਮੁਖੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨਾਲੋਂ ਵੀ ਜਿਆਦਾ ਤਨਖ਼ਾਹ ਲੈ ਰਹੇ ਸਨ। ਭਾਵ ਜੈਸਿੰਡਾ ਦੀ 4 ਲੱਖ 71 ਹਜ਼ਾਰ ਹੈ ਤੇ ਜਾਦੂਰਾਮ ਪੌਣੇ 8 ਲੱਖ ਡਾਲਰ ਲੈ ਰਹੇ ਸਨ। ਹਾਲਾਂਕਿ ਸਿਹਤ ਕਾਰਨਾਂ ਕਰਕੇ ਸਾਲ 2014 'ਚ ਇਸੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਮਾਰਕ ਫੋਰਡ ਵੀ 8 ਲੱਖ 60 ਹਜ਼ਾਰ ਤਨਖਾਹ ਲੈ ਰਹੇ ਸਨ। ਪਰ ਪਿਛਲੇ ਮਹੀਨੇ ਬੋਰਡ ਚੇਅਰਮੋਵੈਨ ਮਾਰਗਰੇਨ ਡੈਵਲਿਨ ਨੇ ਇਹ ਕਹਿ ਕੇ ਜਾਦੂਰਾਮ ਦੀ ਤਨਖ਼ਾਹ ਨੂੰ ਜਾਇਜ਼ ਠਹਿਰਾਇਆ ਸੀ ਕਿ ਇਸ ਅਹੁਦੇ 'ਤੇ ਕੰਮ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ।
ਦੂਜੇ ਪਾਸੇ ਆਕਲੈਂਡ ਦੇ ਮੇਅਰ ਫਿਲ ਗੌਫ ਦਾ ਕਹਿਣਾ ਹੈ ਕਿ ਕੌਂਸਲ ਦੇ ਕਿਸੇ ਵੀ ਅਧਿਕਾਰੀ ਦੀ ਤਨਖ਼ਾਹ ਕੌਂਸਲ ਦੇ ਚੀਫ਼ ਐਗਜ਼ੈਕਟਿਵ ਦੀ ਤਨਖ਼ਾਹ 6 ਲੱਖ ਡਾਲਰ ਤੋਂ ਵੱਧ ਨਹੀਂ ਹੋਣੀ ਚਾਹੀਦੀ।