ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੌਂ ਪਾਰਟਨਰ ਵੀਜਾ, ਟੂਰਿਸਟ ਵੀਜਾ ਦੀਆਂ ਫਾਈਲ਼ਾਂ ਦੀ ਪ੍ਰੋਸੈਸਿੰਗ ਨੂੰ ਲੈਕੇ ਕੀਤੀ ਦੇਰੀ ਦੇ ਕਿੱਸੇ ਅਕਸਰ ਹੀ ਸੁਨਣ ਨੂੰ ਮਿਲਦੇ ਹਨ। ਪਰ ਹੁਣ ਤਾਂ ਇਮੀਗ੍ਰੇਸ਼ਨ ਨਿਊਜੀਲੈਂਡ ਅਸੈਂਸ਼ਲ ਸਕਿੱਲਡ ਵਾਲਿਆਂ ਨੂੰ ਵੀ ਇਸੇ ਤਰੀਕੇ ਨਜਿੱਠ ਰਹੀ ਹੈ।
ਤਾਜਾ ਮਾਮਲਾ ਹੈ 33 ਸਾਲਾ ਪੈਰਿਸ ਜਿਊਮੀ ਹੈਨ ਦਾ, ਜੋ ਕਿ ਅਸੈਂਸ਼ਲ ਸਕਿੱਲ ਸ਼੍ਰੇਣੀ ਤਹਿਤ ਆਉਂਦੀ ਹੈ ਅਤੇ ਉਸ ਵਲੋਂ ਰੈਜੀਡੈਂਸੀ ਲਈ ਮਈ 2018 ਤੋਂ ਲਾਈ ਫਾਈਲ ਅਜੇ ਵੀ ਪ੍ਰੋਸੈਸਿੰਗ ਵਿੱਚ ਹੈ, ਹੁਣ ਤਾਂ ਉਸਦਾ ਵਰਕ ਵੀਜਾ ਵੀ ਖਤਮ ਹੋ ਗਿਆ ਹੈ ਅਤੇ ਇਸ ਵੇਲੇ ਉਹ ਅੰਤਰਿਮ ਵੀਜੇ 'ਤੇ ਹੈ ਜੋ ਕਿ 9 ਸਤੰਬਰ ਨੂੰ ਖਤਮ ਹੋ ਜਾਏਗਾ।
ਹੈਨ ਅਨੁਸਾਰ ਇਸ ਸਭ ਨੇ ਉਸਦਾ ਮਾਨਸਿਕ ਤਣਾਅ ਵਧਾ ਦਿੱਤਾ ਹੈ ਅਤੇ ਉਸਨੂੰ ਆਪਣੇ ਭਵਿੱਖ ਨੂੰ ਲ਼ੈਕੇ ਚਿੰਤਾ ਹੋਣ ਲੱਗ ਪਈ ਹੈ।
ਹੈਨ ਅਨੁਸਾਰ ਜਿਸ ਕੰਪਨੀ ਵਿੱਚ ਉਹ ਕੰਮ ਕਰਦੀ ਹੈ, ਉਸ ਤੋਂ ਇਮੀਗ੍ਰੇਸ਼ਨ ਨਿਊਜੀਲੈਂਡ 6-7 ਵਾਰ ਕਾਗਜਾਤ ਮੰਗਵਾ ਚੁੱਕੀ ਹੈ, ਜੋ ਕਿ ਸੱਚਮੁੱਚ ਹੀ ਸ਼ਰਮਨਾਕ ਹੈ।
ਹਾਲਾਂਕਿ ਇਮੀਗ੍ਰੇਸ਼ਨ ਨਿਊਜੀਲੈਂਡ ਕੋਰੋਨਾ ਨੂੰ ਇਸ ਦੇਰੀ ਦਾ ਮੁੱਖ ਕਾਰਨ ਦੱਸ ਰਹੀ ਹੈ, ਕਿਉਂਕਿ ਕੋਰੋਨਾ ਕਰਕੇ ਕਈ ਮਹੀਨੇ ਕੰਮ ਠੀਕ ਢੰਗ ਨਾਲ ਨਹੀਂ ਹੋ ਸਕਿਆ, ਪਰ ਅਸਲੀਅਤ ਤੋਂ ਤਾਂ ਅਸੀਂ-ਤੁਸੀਂ ਜਾਣੂ ਹੀ ਹਾਂ।