ਆਕਲੈਂਡ (ਹਰਪ੍ਰੀਤ ਸਿੰਘ) - ਰਿਜਸ ਹੋਟਲ ਮੈਨੇਜਡ ਆਈਸੋਲੇਸ਼ਨ ਵਿੱਚ ਇੱਕ ਸਾਂਭ-ਸੰਭਾਲ ਕਰਮਚਾਰੀ ਕੋਰੋਨਾ ਪਾਜਟਿਵ ਪਾਇਆ ਗਿਆ ਹੈ। ਦੱਸਦੀਏ ਕਿ ਇਸ ਦਾ ਸਬੰਧ ਆਕਲੈਂਡ ਕਲਸਟਰ ਨਾਲ ਬਿਲਕੁਲ ਵੀ ਨਹੀਂ ਹੈ ਅਤੇ ਇਹੀ ਵੀ ਹੈ ਕਿ ਕਰਮਚਾਰੀ ਉੱਥੇ ਰਹਿ ਰਹੇ ਕਿਸੇ ਗੈਸਟ ਦੇ ਸੰਪਰਕ ਵਿੱਚ ਵੀ ਨਹੀਂ ਆਇਆ ਹੈ। ਇਸ ਗੱਲ ਦੀ ਜਾਣਕਾਰੀ ਡਾਕਟਰ ਐਸ਼ਲੀ ਬਲੂਮਫਿਲਡ ਵਲੋਂ ਦਿੱਤੀ ਗਈ ਹੈ। ਉਕਤ ਕਰਮਚਾਰੀ ਨੂੰ 16 ਅਗਸਤ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜਦਕਿ ਉਸਦੇ ਲੱਛਣ 11 ਅਗਸਤ ਤੋਂ ਹੀ ਸਾਹਮਣੇ ਆ ਗਏ ਸਨ।
ਉਸਨੂੰ ਜੈਟਪਾਰਕ ਕੁਆਰਂਟੀਨ ਵਿੱਚ ਭੇਜ ਦਿੱਤਾ ਗਿਆ ਹੈ। ਜਿਨੋਮ ਸਿਕੁਏਂਸਿੰਗ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਕਤ ਕਰਮਚਾਰੀ ਦਾ ਸਿਕੁਏਂਸ ਅਮਰੀਕਾ ਤੋਂ ਆਏ ਤੇ ਜੁਲਾਈ 28 ਨੂੰ ਹੋਟਲ ਵਿੱਚ ਰੁਕੇ ਗੈਸਟ ਨਾਲ ਮਿਲਦਾ ਹੈ ਤੇ ਉਹ ਗੈਸਟ ਵੀ ਕੋਰੋਨਾ ਪਾਜਟਿਵ ਹੀ ਸੀ। ਹਾਲਾਂਕਿ ਉਸ ਨਾਲ ਵੀ ਕਰਮਚਾਰੀ ਦਾ ਕੋਈ ਸਿੱਧਾ ਸੰਪਰਕ ਨਹੀਂ ਹੋਇਆ ਸੀ, ਪਰ ਇਸ 'ਤੇ ਅਗਲੀ ਕਾਰਵਾਈ ਸ਼ੁਰੂ ਹੋ ਗਈ ਹੈ।