ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਭਾਵੇਂ ਦੁਨੀਆ ਭਰ 'ਚ ਚਾਈਨਾਮੇਡ ਚੀਜ਼ਾਂ ਆਮ ਗੱਲ ਹੈ ਪਰ ਨਿਊਜ਼ੀਲੈਂਡ 'ਚ ਚਾਈਨਾਮੇਡ ਘਰ ਵੀ ਵਿਕਣ ਲੱਗ ਪਏ ਹਨ। ਕੰਪਨੀ ਦਾ ਦਾਅਵਾ ਹੈ ਕਿ ਚੀਨ 'ਚ ਬਣਾ ਘਰਾਂ ਨੂੰ ਆਕਲੈਂਡ 'ਚ ਲਿਆ ਕੇ ਸਥਾਪਤ ਕਰਨ ਵਾਲੇ ਕਾਰ-ਵਿਹਾਰ ਨੂੰ ਨੇਪਰੇ ਚਾੜ੍ਹਨ ਲਈ ਤਿੰਨ ਸਾਲ ਦਾ ਸਮਾਂ ਲੱਗਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹੇ ਘਰ ਬਣਾਉਣ ਲਈ ਮਾਹਿਰ ਕੰਪਨੀ ਨੀਲਸਟਨ ਗਰੁੱਪ ਨੇ ਤਿੰਨ ਡਬਲ ਸਟੋਰੀ ਟੈਰੇਸ ਹੋਮ ਵੈਸਟ ਆਕਲੈਂਡ ਦੇ ਹੌਬਸਨਵਿਲੇ ਪੁਆਇੰਟ ਦੀ ਨੱਜਟ ਐਵੀਨਿਊ 'ਤੇ 'ਚ ਸਥਾਪਤ ਕੀਤੇ ਹਨ। ਜਿਨ੍ਹਾਂ ਦੇ ਵੱਖ-ਵੱਖ ਹਿੱਸੇ ਸਮੁੰਦਰੀ ਰਸਤੇ ਰਾਹੀਂ ਚਾਈਨਾ ਤੋਂ ਆਕਲੈਂਡ ਪੋਰਟ ਪੁੱਜੇ ਸਨ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਟੋਨੀ ਹਾਊਸਟਨ ਅਨੁਸਾਰ ਇਹ ਘਰ ਸਾਊਥਰਨ ਚਾਈਨਾ ਦੇ ਗੁਆਂਗਸ਼ੋ ਸ਼ਹਿਰ 'ਚ ਬਣੇ ਸਨ। ਪਰ ਨਿਊਜ਼ੀਲੈਂਡ 'ਚ ਬਣਾਉਣੇ ਬਹੁਤ ਮਹਿੰਗੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਵਾਜਬ ਮੁੱਲ 'ਤੇ ਖਾਸ ਕਰਕੇ ਕੀਵੀਬਿਲਡ ਲਈ ਕੰਮ ਕਰ ਰਹੇ ਹਨ। ਪਿਛਲੇ ਤਿੰਨ ਸਾਲਾਂ ਦੌਰਾਨ 385 ਕੀਵੀਬਿਲਡ ਹਾਊਸ ਹੀ ਬਣੇ ਹਨ ਜਦੋਂ ਕਿ ਉਸੇ ਸਮੇਂ ਦੌਰਾਨ ਮਾਰਕੀਟ 'ਚ 75 ਹਜ਼ਾਰ ਘਰ ਬਣੇ ਹਨ, ਕਿਉਂਕਿ ਵਾਜਬ ਮੁੱਲ 'ਤੇ ਘਰ ਬਣਾਉਣ ਲਈ ਲੇਬਰ ਅਤੇ ਮੈਟੀਰੀਅਲ ਨਹੀਂ ਮਿਲਦਾ।
ਹਾਊਸਟਨ, ਜਿਨ੍ਹਾਂ ਕੋਲ ਪਹਿਲਾਂ ਜੀ ਜੇ ਗਾਰਡਰਨਰ ਦੀ ਫਰੈਂਚਾਈਜ ਸੀ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਮਿਲਦਾ ਕਿ ਮੈਟੀਰੀਅਲ ਰਾਹੀਂ ਕੋਰੋਨਾ ਵਾਇਰਸ ਫ਼ੈਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੀਨ ਤੋਂ ਨਿਊਜ਼ੀਲੈਂਡ ਮੈਟੀਰੀਅਲ ਆਉਣ ਲਈ 17 ਤੋਂ 23 ਦਿਨ ਲੱਗ ਜਾਂਦੇ ਹਨ। ਜਿਸ ਕਰਕੇ ਇਨ੍ਹਾਂ ਘਰਾਂ ਦੀ ਖ੍ਰੀਦ-ਵੇਚ ਕੋਈ ਚਿੰਤਾ ਵਾਲੀ ਗੱਲ ਨਹੀਂਂ।
ਉਨ੍ਹਾਂ ਇਹ ਵੀ ਦੱਸਿਆ ਕਿ ਚੀਨ ਦੀ ਫ਼ੈਕਟਰੀ 12 ਹਫ਼ਤਿਆਂ 'ਚ ਨਿਊਜ਼ੀਲੈਂਡ ਦੇ ਸਲਾਨਾ ਸਟਾਕ ਦੀ ਪੂਰਤੀ ਕਰ ਸਕਦੀ ਹੈ। ਜਦੋਂ ਕਿ ਨਿਊਜ਼ੀਲੈਂਡ 'ਚ ਇਸ ਵੇਲੇ ਹਰ ਸਾਲ 35 ਹਜ਼ਾਰ ਘਰ ਬਣਾਏ ਜਾ ਰਹੇ ਹਨ। ਹਾਲਾਂਕਿ ਕਿ ਉਨ੍ਹਾਂ ਫ਼ੈਕਟਰੀ ਦਾ ਨਾਂ ਨਹੀਂਂ ਦੱਸਿਆ।
ਟੋਨੀ ਹਾਊਸਨ ਨੇ ਇਹ ਵੀ ਦੱਸਿਆ ਕਿ ਜਿਹੜਾ ਢੰਗ-ਤਰੀਕਾ ਉਨ੍ਹਾਂ ਨੇ ਅਪਣਾਇਆ ਹੈ, ਉਸ ਨਾਲ ਹਰ ਸਾਲ 500 ਤੋਂ ਲੈ ਕੇ 1000 ਘਰ ਬਣਾਏ ਜਾ ਸਕਦੇ ਹਨ, ਜਿੱਥੇ ਉਹ ਖੁਦ, ਉਸਦੀ ਪਤਨੀ ਅਤੇ ਕੰਪਨੀ ਦੇ ਨਿਰਮਾਤਾ ਦੀ ਬੇਟੀ ਕੰਮ ਕਰਦੇ ਹਨ।