ਆਕਲੈਂਡ (ਐਨ ਜੈੱਡ ਪੰਜਾਬੀ ਨਿਊਜ ਸਰਵਿਸ) - ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਪਸਾਰ ਲਈ ਐਨ ਆਰ ਆਈ ਸਾਹਿਤਕਾਰ , ਪਾਠਕ ਅਤੇ ਮਾਂ ਬੋਲੀ ਨੂੰ ਮੁਹੱਬਤ ਕਰਨ ਵਾਲੇ ਹਮੇਸ਼ਾ ਤੋਂ ਹੀ ਯਤਨਸ਼ੀਲ ਰਹੇ ਹਨ। ਇਸੇ ਸੰਦਰਭ ਵਿੱਚ ਆਸਟਰੇਲੀਆ ਦੇ ਨਾਮੀ ਸ਼ਹਿਰ ਬ੍ਰਿਸਬੇਨ ਵਿਖੇ ਲਿਖਾਰੀਆਂ ਅਤੇ ਪਾਠਕਾਂ ਦੀ ਸਰਬ ਸਾਂਝੀ ਮੀਟਿੰਗ ਕੀਤੀ ਗਈ ਜਿਸਦੇ ਨਤੀਜੇ ਵਜੋਂ “ਆਸਟਰੇਲੀਅਨ ਪੰਜਾਬੀ ਲੇਖਕ ਸਭਾ”, ਬ੍ਰਿਸਬੇਨ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ। ਇਸ ਸਭਾ ਦਾ ਮੁੱਖ ਉਦੇਸ਼ ਵਿਦੇਸ਼ਾਂ ਵਿੱਚ ਰਹਿੰਦੀ ਨੌਜਵਾਨ ਪੰਜਾਬੀ ਪੀੜੀ ਅਤੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਨਾਲ ਜੋੜਨਾ ਹੈ ਅਤੇ ਉੱਭਰਦੇ ਲੇਖਕਾਂ ਨੂੰ ਇਕ ਗਤੀਸ਼ੀਲ ਮੰਚ ਪ੍ਰਦਾਨ ਕਰਨਾ ਹੈ। ਸਭਾ ਦੇ ਗਠਨ ਵੇਲੇ ਪੰਜ ਮੈਂਬਰਾਂ ਦੀ ਵਿਚਾਰ ਚਰਚਾ ਅਤੇ ਸਹਿਮਤੀ ਨਾਲ ਸੰਸਥਾ ਬਣਾਉਣ ਲਈ ਵਿਧਾਨ ਤਿਆਰ ਕੀਤਾ ਗਿਆ ਤੇ ਉਸ ਵਿਧਾਨ ਦੀਆਂ ਸ਼ਰਤਾਂ ਦੇ ਤਹਿਤ ਕਾਰਜਕਾਰੀ ਕਮੇਟੀ ਦੀ ਚੌਣ ਕੀਤੀ ਗਈ। ਵਿਧਾਨ ਦੇ ਸਾਰੇ ਪਹਿਲੂਆਂ ਵਿੱਚੋਂ ਮੁੱਖ ਪਹਿਲੂ ਬਹੁਮਤ ਨਾਲ ਫ਼ੈਸਲੇ ਲੈਣ ਦਾ ਰੱਖਿਆ ਗਿਆ। ਕਾਰਜਕਾਰੀ ਕਮੇਟੀ ਦੀ ਚੋਣ ਵੋਟਿੰਗ ਪ੍ਰਕਿਰਿਆ ਨਾਲ ਕੀਤੀ ਗਈ ਜਿਸਦੇ ਨਤੀਜੇ ਵਜੋਂ ਜਸਵੰਤ ਵਾਗਲਾ (ਪ੍ਰਧਾਨ) , ਸੁਰਜੀਤ ਸੰਧੂ (ਮੀਤ ਪ੍ਰਧਾਨ), ਹਰਮਨਦੀਪ ਗਿੱਲ ( ਜਨਰਲ ਸਕੱਤਰ), ਹਰਜੀਤ ਕੌਰ ਸੰਧੂ ( ਮੀਤ- ਜਨਰਲ ਸਕੱਤਰ) ਵਰਿੰਦਰ ਅਲੀਸ਼ੇਰ ( ਖ਼ਜ਼ਾਨਚੀ ਅਤੇ ਸਪੋਕਸਮੈਨ) ਚੁਣੇ ਗਏ। ਕਾਰਜਕਾਰੀ ਕਮੇਟੀ ਤੋਂ ਇਲਾਵਾ ਪੰਜਾਬੀ ਸਾਹਿਤ ਨਾਲ ਜੁੜੇ ਲੇਖਕਾਂ ਅਤੇ ਪਾਠਕਾਂ ਨੂੰ ਬਤੌਰ ਮੈਂਬਰ ਸਭਾ ਦੇ ਨਾਲ ਜੋੜਿਆ ਗਿਆ। ਮੁਢਲੀ ਮੀਟਿੰਗ ਵਿੱਚ ਅਮਨ ਭੰਗੂ ,ਅਮਪਦੀਪ ਗਿੱਲ, ਸੁਖਜਿੰਦਰ ਮੋਰੋੰ, ਮੰਜੂ ਵਰਮਾ, ਹਰਦੀਪ ਵਾਗਲਾ, ਜਸਵਿੰਦਰ ਮਠਾੜੂ, ਗੁਰਮਖਜੀਤ, ਮਨ ਖਹਿਰਾ, ਸਤਵੰਤ ਨਾਹਲ, ਬਲਵਿੰਦਰ ਮੋਰੋਂ ਨੂੰ ਮੈਂਬਰਾਂ ਵਜੋਂ ਜੋੜਿਆ ਗਿਆ। ਸਭਾ ਦੇ ਉਦਘਾਟਨੀ ਸਮਾਰੋਹ ਲਈ ਪਹਿਲਾ ਸਾਹਿਤਕ ਪ੍ਰੋਗਰਾਮ ਜਲਦ ਹੀ ਉਲੀਕਿਆ ਜਾਵੇਗਾ। ਇਸਤੋਂ ਇਲਾਵਾ ਸਭਾ ਦੇ ਸ਼ੋਸਲ ਮੀਡੀਆ ਅਕਾਊਂਟਸ ਵੀ ਜਲਦ ਪੰਜਾਬੀ ਪਿਆਰਿਆਂ ਨਾਲ ਸਾਂਝੇ ਕੀਤੇ ਜਾਣਗੇ ।