ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ 'ਚ ਕਿਸੇ ਮਸਾਲਾ ਰੈਸਟੋਰੈਂਟਾਂ ਦੀ ਚੇਨ ਚਲਾਉਂਦੇ ਸਮੇਂ ਹੇਰਾਫੇਰੀਆਂ ਅਤੇ ਪਰਵਾਸੀ ਪੰਜਾਬੀ ਕਾਮਿਆਂ ਦੀਆਂ ਨੂੰ ਘੱਟ ਤਨਖਾਹਾਂ ਦੇਣ ਕਰਕੇ ਚਰਚਾ 'ਚ ਘਿਰੇ ਰਹਿਣ ਵਾਲੇ ਰੁਪਿੰਦਰ ਸਿੰਘ ਚਾਹਲ ਨੇ ਅਦਾਲਤ 'ਚ ਅਰਜ਼ੀ ਪਾਈ ਹੈ। ਇਸ ਵੇਲੇ ਜੇਲ੍ਹ 'ਚ ਬੰਦ ਰੁਪਿੰਦਰ ਆਪਣੀ ਬਾਕੀ ਰਹਿੰਦੀ ਸਜ਼ਾ ਘਰ 'ਚ ਨਜ਼ਰਬੰਦ ਹੋ ਕੇ ਕੱਟਣੀ ਚਾਹੁੰਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰੁਪਿੰਦਰ ਦੇ ਵਕੀਕ ਨਿਕੋਲਿਟ ਲੈਵੀ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਚਾਹਲ ਦੀ ਸਜ਼ਾ ਬਾਰੇ ਮੁੜ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਬੁੱਧਵਾਰ ਨੂੰ ਵਲਿੰਗਟਨ 'ਚ 'ਕੋਰਟ ਆਫ ਅਪੀਲ' 'ਚ ਦਲੀਲ ਦਿੱਤੀ ਗਈ ਹੈ ਕਿ ਚਾਹਲ ਵੱਲੋਂ 8 ਮਿਲੀਅਨ ਡਾਲਰ ਦੀ ਸੈਟਲਮੈਂਟ ਕੀਤੇ ਜਾਣ ਕਰਕੇ ਉਹ ਇਸ ਗੱਲ ਦਾ ਹੱਕਦਾਰ ਹੈ ਕਿ ਉਸਦੀ ਜੇਲ੍ਹ ਵਾਲੀ ਸਜ਼ਾ ਨੂੰ ਬਦਲ ਕੇ ਘਰ 'ਚ ਨਜ਼ਰਬੰਦੀ ਵਾਲੀ ਸਜ਼ਾ ਲਾਗੂ ਕਰ ਦਿੱਤੀ ਜਾਵੇ। ਅਦਾਲਤ ਨੇ ਇਸ ਬਾਰੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ।
ਜ਼ਿਕਰਯੋਗ ਹੈ ਕਿ ਚਾਹਲ 17 ਕੰਪਨੀਆਂ ਰਾਹੀਂ 13 ਰੈਸਟੋਰੈਂਟਾਂ ਦਾ ਕਾਰੋਬਾਰ ਚਲਾਉਂਦਾ ਸੀ। ਉਸਨੇ ਅਦਾਲਤ 'ਚ ਮੰਨਿਆ ਸੀ ਕਿ ਉਸਨੇ ਜੀਐਸਟੀ ਬਚਾਉਣ ਲਈ ਇਨਲੈਂਡ ਰੈਵੀਨਿਊ ਡੀਪਾਰਟਮੈਂਟ ਤੋਂ ਕਾਫੀ ਦਸਤਾਵੇਜ਼ ਲੁਕਾ ਕੇ ਰੱਖੇ ਸਨ ਅਤੇ ਮਨੀ ਲੌਡਰਿੰਗ ਵੀ ਕੀਤੀ ਸੀ।