ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਹਮਲੇ ਨੂੰ ਅੰਜਾਮ ਦੇਣ ਦੇ ਦੋਸ਼ੀ ਬ੍ਰੈਂਟਨ ਟੇਰੇਂਟ ਨੂੰ ਅੱਜ ਬਿਨ੍ਹਾਂ ਪੇਰੋਲ ਉਮਰ ਕੈਦ ਸੁਣਾਏ ਜਾਣੇ 'ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਖੁਸ਼ੀ ਪ੍ਰਗਟਾਈ ਹੈ।
ਉਨ੍ਹਾਂ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ 15 ਮਾਰਚ ਦਾ ਜੋ ਸੰਤਾਪ ਪੀੜਿਤਾਂ ਨੂੰ ਭੁਗਤਣਾ ਪੈ ਰਿਹਾ ਹੈ, ਉਹ ਆਸਾਨੀ ਨਾਲ ਭੁਲਾਇਆ ਨਹੀਂ ਜਾ ਸਕਦਾ। ਪਰ ਅੱਜ ਸਜਾ ਸੁਣਾਏ ਜਾਣ ਤੋਂ ਬਾਅਦ ਅਸੀਂ ਸ਼ਾਇਦ ਹੀ ਦੁਬਾਰਾ ਦੋਸ਼ੀ ਬ੍ਰੈਂਟਨ ਟੇਰੇਂਟ ਦਾ ਨਾਮ ਬੁੱਲਾਂ 'ਤੇ ਲਿਆਵਾਂਗੇ ਅਤੇ ਇਹ ਪੀੜਿਤਾਂ ਲਈ ਇੱਕ ਸਕੂਨ ਹੀ ਹੋਏਗਾ।
ਬ੍ਰੈਂਟਨ ਟੇਰੇਂਟ ਨੂੰ ਉਮਰ ਕੈਦ ਹੋਣੀ ਹੀ ਚਾਹੀਦੀ ਸੀ ਅਤੇ ਉਸਦੀ ਆਵਾਜ ਸ਼ਾਇਦ ਹੀ ਕੋਈ ਹੁਣ ਸੁਣ ਸਕੇ। ਨਿਊਜੀਲੈਂਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੂੰ ਅਜਿਹੇ ਅਪਰਾਧ ਲਈ ਇਹ ਸਜਾ ਮਿਲੀ ਹੋਏ।
ਇਸ ਮੌਕੇ ਜੈਸਿੰਡਾ ਆਰਡਨ ਨੇ ਮੁਸਲਿਮ ਭਾਈਚਾਰੇ ਵਲੋਂ ਬੀਤੇ ਦਿਨਾਂ ਦੀ ਅਦਾਲਤ ਦੀ ਕਾਰਵਾਈ ਵਿੱਚ ਜੋ ਬਿਆਨਬਾਜੀਆਂ ਕੀਤੀਆਂ, ਉਸ ਲਈ ਉਨ੍ਹਾਂ ਦੀ ਕਾਫੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਕਿਹਾ ਕਿ ਕੋਈ ਵੀ ਉਨ੍ਹਾਂ ਦਾ ਦੁੱਖ ਘਟਾ ਨਹੀਂ ਸਕਦਾ, ਪਰ ਇਸ ਕਾਨੂੰਨੀ ਕਾਰਵਾਈ ਜਾਂ ਹੋਰ ਵੀ ਉਪਰਾਲਿਆਂ ਸਦਕਾ ਨਿਊਜੀਲੈਂਡ ਨੇ ਮੁਸਲਿਮ ਭਾਈਚਾਰੇ ਨੂੰ ਆਪਣੀਆਂ ਬਾਹਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਗੇ ਵੀ ਆਉਣ ਵਾਲੇ ਦਿਨਾਂ ਵਿੱਚ ਭਾਈਚਾਰਾ ਅਜਿਹਾ ਹੀ ਮਹਿਸੂਸ ਕਰੇਗਾ।