ਆਕਲੈਂਡ (ਹਰਪ੍ਰੀਤ ਸਿੰਘ) - ਪਹਿਲਾਂ 3 ਸਾਲ ਸਿਟੀ ਰੇਲ ਲੰਿਕ ਦੀ ਕੰਸਟਰਕਸ਼ਨ ਦੀ ਮਾਰ, ਫਿਰ ਜਦੋਂ ਕੁਝ ਸਾਹ ਆਉਣ ਲੱਗਾ ਤਾਂ ਕੋਰੋਨਾ ਮਹਾਂਮਾਰੀ ਨੇ ਕਾਰੋਬਾਰੀਆਂ ਨੂੰ ਆਣ ਦਬੋਚਿਆ ਤੇ ਆਕਲੈਂਡ ਵਿੱਚ ਲੱਗੇ ਹੁਣ ਦੂਜੇ ਲੌਕਡਾਊਨ ਨੇ ਤਾਂ ਆਕਲੈਂਡ ਸੀਬੀਡੀ ਦੇ ਕਈ ਕਾਰੋਬਾਰੀਆਂ ਨੂੰ ਕਾਰੋਬਾਰ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇਸ ਗੱਲ ਦਾ ਖੁਲਾਸਾ ਸੈਂਚਰੀ-ਓਲਡ ਸੇਕਸਪੀਅਰ ਹੋਟਲ ਐਂਡ ਬਰਿਊਰੀ ਦੇ ਮੈਨੇਜਰ ਸਨੀ ਕੋਸ਼ਲ ਨੇ ਕੀਤਾ ਹੈ। ਸੰਨੀ ਸੈਂਟ ਐਲਬਰਟ ਸਟਰੀਟ ਸਥਿਤ ਕਈ ਕਾਰੋਬਾਰੀਆਂ ਦੇ ਇੱਕ ਗਰੁੱਪ ਦੇ ਬੁਲਾਰੇ ਵੀ ਹਨ। ਸੰਨੀ ਨੇ ਦੱਸਿਆ ਕਿ ਉਨ੍ਹਾਂ ਦੇ ਹੋਟਲ ਨੂੰ ਘੱਟੋ-ਘੱਟ ਹਫਤੇ ਦਾ $10,000 ਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਈ ਕਾਰੋਬਾਰਾਂ ਬੰਦ ਹੋਣ ਦੇ ਕੰਢੇ ਅਤੇ ਕਈਆਂ ਦੇ ਬੰਦ ਹੋਣ ਦੀ ਗੱਲ ਵੀ ਕਬੂਲੀ। ਸੰਨੀ ਅਨੁਸਾਰ ਲੌਕਡਾਊਨ ਦਾ ਲੇਵਲ 3 ਖਤਮ ਹੋਣ ਤੋਂ ਬਾਅਦ ਆਕਲੈਂਡ ਦੇ ਮੇਅਰ ਦੀ ਸਭ ਤੋਂ ਵੱਡੀ ਸਿਰਦਰਦੀ ਇਹੀ ਰਹੇਗੀ ਕਿ ਉਹ ਆਕਲੈਂਡ ਵਾਸੀਆਂ ਦੀ ਸੜਕਾਂ 'ਤੇ ਰੌਣਕ ਕਿਸ ਤਰ੍ਹਾਂ ਵਧਾਉਣ, ਕਿਉਂਕਿ ਜੇ ਵਰਕ ਫਰੋਮ ਹੋਮ ਦਾ ਕਲਚਰ ਜਾਰੀ ਰਿਹਾ ਤਾਂ ਜਾਹਿਰ ਤੌਰ 'ਤੇ ਆਕਲੈਂਡ ਦੀਆਂ ਕਈ ਵੱਡੀਆਂ-ਵੱਡੀਆਂ ਸ਼ਾਪਾਂ ਤੇ ਕਾਰੋਬਾਰ ਬੰਦ ਹੋ ਜਾਣਗੇ ਅਤੇ ਇਸ ਦਾ ਇਕਾਨਮੀ 'ਤੇ ਵੀ ਬੁਰਾ ਅਸਰ ਪਏਗਾ।