ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਐਪਲ ਐਂਡ ਪੀਅਰਜ਼ ਦੇ ਮੁੱਖ ਪ੍ਰਬੰਧਕ ਐਲਨ ਪੋਲਾਰਡ ਅਨੁਸਾਰ ਕੋਰੋਨਾ ਮਹਾਂਮਾਰੀ ਕਰਕੇ ਬੰਦ ਪਏ ਬਾਰਡਰਾਂ ਦੇ ਨਤੀਜੇ ਵਜੋਂ ਨਿਊਜੀਲੈਂਡ ਵਿੱਚ ਵਿੱਚ ਪ੍ਰਵਾਸੀ ਕਰਮਚਾਰੀਆਂ ਦੀ ਇਨੀਂ ਕੁ ਘਾਟ ਹੈ ਕਿ ਜੇ ਸਮੇਂ ਸਿਰ ਕੁਝ ਨਾ ਹੋਇਆ ਤਾਂ ਅਗਲੇ ਮਹੀਨੇ ਸ਼ੁਰੂ ਹੋਣ ਵਾਲਾ ਬਾਗਬਾਨੀ ਦੇ ਸੀਜਨ ਦੀ $9.5 ਬਿਲੀਅਨ ਡਾਲਰ ਦੀ ਕਮਾਈ ਖਤਰੇ ਵਿੱਚ ਪੈ ਸਕਦੀ ਹੈ ਅਤੇ ਇਸਦਾ ਪ੍ਰਭਾਵ ਹੋਰਾਂ ਸਬੰਧਤ ਖੇਤਰਾਂ ਵਿੱਚ ਮੰਦੀ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ। ਇੱਕ ਅੰਦਾਜੇ ਅਨੁਸਾਰ ਇੱਕਲੇ ਹਾਕਸ ਬੇਅ ਦੇ ਇਲਾਕੇ ਵਿੱਚ ਹੀ 10,000 ਕਰਮਚਾਰੀਆਂ ਦੀ ਲੋੜ ਪਏਗੀ, ਜੋ ਪਰੂਨ ਐਂਡ ਪਿਕਿੰਗ ਦੇ ਕੰਮ ਨੂੰ ਸਿਰੇ ਚੜਾਉਣਗੇ।
ਦੂਜੇ ਪਾਸੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਫੋਈ ਅਨੁਸਾਰ ਉਹ ਹਰ ਹੀਲਾ ਕਰ ਰਹੇ ਹਨ ਕਿ ਪ੍ਰਵਾਸੀ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕੀਤਾ ਜਾਏ ਤੇ ਇਸ ਲਈ ਉਨ੍ਹਾਂ ਦਾ ਮੰਨਣਾ ਹੈ ਕਿ ਜੋ ਨਿਊਜੀਲੈਂਡ ਵਾਸੀ ਕੋਰੋਨਾ ਕਰਕੇ ਆਪਣਾ ਕੰਮ ਜਾਂ ਨੌਕਰੀ ਗੁਆ ਚੁੱਕੇ ਹਨ, ਉਹ ਇਸ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰ ਸਕਦੇ ਹਨ। ਪਰ ਆਂਕੜੇ ਦੱਸਦੇ ਹਨ ਕਿ ਖੇਤੀਬਾੜੀ ਦੇ ਇਸ ਕੰਮ ਨਾਲ ਸਬੰਧਤ ਕਰਮਚਾਰੀ ਜਿਆਦਾਤਰ ਪ੍ਰਵਾਸੀ ਹੀ ਹੁੰਦੇ ਹਨ ਅਤੇ ਸ਼ਾਇਦ ਨਿਊਜੀਲੈਂਡ ਵਾਸੀਆਂ ਨੂੰ ਇਸ ਕੰਮ ਵੱਲ ਖਿੱਚਣਾ ਕਿਸਾਨਾਂ ਲਈ ਵੱਡੀ ਸੱਮਸਿਆ ਸਾਬਿਤ ਹੋਏ।